ਲੁਧਿਆਣਾ: ਬੀਤੀ ਦੇਰ ਰਾਤ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭਾਰੀ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਸਪਤਾਲ ਵਿਚੋਂ ਬਾਹਰ ਕੱਢਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਊਟੀ 'ਤੇ ਮੌਜੂਦ ਡਾਕਟਰ ਸੁਨੀਤਾ ਅਗਰਵਾਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋ ਧਿਰਾਂ ਦੀ ਲੜਾਈ ਨੂੰ ਲੈ ਕੇ ਇੱਕ ਧਿਰ ਐਮ.ਐਲ.ਆਰ. ਕਟਾਉਣ ਲਈ ਆਇਆ ਸੀ। ਇਸ ’ਤੇ ਡਾਕਟਰ ਨੇ ਕਿਹਾ ਕਿ ਪਹਿਲਾਂ ਉਹ ਆਪਣਾ ਇਲਾਜ ਕਰਵਾ ਲਵੇ ਅਤੇ ਬਾਅਦ ਵਿੱਚ ਕਾਰਵਾਈ ਕਰਵਾਈ ਜਾਵੇਗੀ। ਇਸ ਤੋਂ ਬਾਅਦ ਵੀ ਨੌਜਵਾਨ ਫਾਰਮ ਭਰਨ ’ਤੇ ਅੜੇ ਰਹੇ ਅਤੇ ਡਾਕਟਰ ਤੇ ਸਟਾਫ ਨਰਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਡਾਕਟਰ ਨੇ ਦੋਸ਼ ਲਾਇਆ ਕਿ ਉਸ ਨੇ ਇਸ ਮਾਮਲੇ ਸਬੰਧੀ ਤੁਰੰਤ ਪੁਲੀਸ ਨੂੰ ਫੋਨ ਕੀਤਾ ਪਰ ਪੁਲੀਸ ਕਾਫੀ ਦੇਰ ਬਾਅਦ ਉਥੇ ਪੁੱਜੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਉਨ੍ਹਾਂ ਦੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ।

