ਅੰਮ੍ਰਿਤਸਰ : ਬੀਤੀ ਰਾਤ 1.30 ਵਜੇ ਅੰਮ੍ਰਿਤਸਰ ਦੇ ਥਾਣਾ ਏ ਡਵੀਜ਼ਨ ਰਾਮ ਬਾਗ ਦੇ ਅਧੀਨ ਪੈਂਦੇ ਹਾਲ ਬਾਜ਼ਾਰ ਇਲਾਕੇ ਵਿੱਚ ਸਥਿਤ ਇੱਕ ਹੋਟਲ ਵਿੱਚ ਚੱਲ ਰਹੇ ਜੂਏ ਦੇ ਅਖਾੜੇ ’ਤੇ ਜੂਏਬਾਜ਼ਾਂ ਕੋਲੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਗਈ। ਇਸ ਪੂਰੀ ਵਾਰਦਾਤ ਨੂੰ ਚਾਰ ਲੁਟੇਰਿਆਂ ਨੇ ਅੰਜਾਮ ਦਿੱਤਾ। ਬੰਦੂਕ ਦੀ ਨੋਕ 'ਤੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲਏ। ਫਿਲਹਾਲ ਪੁਲਿਸ ਲੁੱਟ ਦੀ ਰਕਮ ਦੀ ਜਾਂਚ ਕਰ ਰਹੀ ਹੈ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁੱਟ ਦੀ ਰਕਮ ਕਰੀਬ 8.30 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਹੋਟਲ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਸਵਾਲ ਇਹ ਵੀ ਹੈ ਕਿ ਉਕਤ ਹੋਟਲ ਮਾਲਕ ਆਪਣੇ ਹੋਟਲ ਵਿੱਚ ਖੁੱਲ੍ਹੇਆਮ ਇਹ ਨਾਜਾਇਜ਼ ਧੰਦਾ ਚਲਾ ਰਿਹਾ ਸੀ। ਇਸ ਸਬੰਧੀ ਹੋਟਲ ਮਾਲਕਾਂ ਨੇ ਪਹਿਲਾਂ ਤਾਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰਨਾ ਮੁਨਾਸਿਬ ਨਹੀਂ ਸਮਝਿਆ ਪਰ ਜਦੋਂ ਸੂਤਰਾਂ ਤੋਂ ਸੂਚਨਾ ਪੁਲਿਸ ਅਤੇ ਮੀਡੀਆ ਤੱਕ ਪਹੁੰਚੀ ਤਾਂ ਪੁਲਿਸ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ | ਹੁਣ ਵੀ ਸਾਰਾ ਦਿਨ ਹੋਟਲ ਮਾਲਕਾਂ ਨੇ ਇਸ ਮਾਮਲੇ ਸਬੰਧੀ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਪੁਲੀਸ ਇਸ ਬਾਰੇ ਕੁਝ ਕਹਿ ਰਹੀ ਹੈ।

