ਜਲੰਧਰ : ਜਲੰਧਰ 'ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇਕ ਵੈੱਬ ਪੱਤਰਕਾਰ ਨੂੰ ਇਕ ਦੁਕਾਨਦਾਰ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਲੰਧਰ ਦੇ ਇਕ ਸੋਸ਼ਲ ਮੀਡੀਆ ਵੈੱਬ ਚੈਨਲ ਦੇ ਸੰਪਾਦਕ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਅਗਲੇਰੀ ਪੁੱਛਗਿੱਛ ਲਈ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਸ ਦਾ ਸਾਥੀ ਵੈੱਬ ਪੱਤਰਕਾਰ ਅਤੇ ਸੋਸ਼ਲ ਮੀਡੀਆ ਵੈੱਬਸਾਈਟ ਦਾ ਸੰਪਾਦਕ ਫਰਾਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਸੂਰਜ ਗੰਜ ਵੈਸਟ ਦੇ ਵਸਨੀਕ ਪਿਆਰੇ ਲਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਦੱਸਿਆ ਕਿ ਉਹ ਪਿੰਡ ਕਿੰਗਰਾ, ਸੁਦਾਮਾ ਵਿਹਾਰ, ਜਲੰਧਰ ਵਿੱਚ ਆਪਣੇ ਪਲਾਟ 'ਤੇ ਵਪਾਰਕ ਦੁਕਾਨ ਬਣਾ ਰਿਹਾ ਹੈ, ਪਰ ਇਸ ਦੁਕਾਨ ਦਾ ਨਕਸ਼ਾ ਨਗਰ ਨਿਗਮ ਜਲੰਧਰ (ਐਮ.ਸੀ.ਜੇ.) ਦੁਆਰਾ ਪਾਸ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ 24 ਸਤੰਬਰ ਨੂੰ ਦੋ ਵਿਅਕਤੀ ਉਸ ਦੀ ਦੁਕਾਨ 'ਤੇ ਆਏ ਅਤੇ ਮੋਬਾਈਲ ਫੋਨ 'ਤੇ ਉਸ ਦੀ ਉਸਾਰੀ ਅਧੀਨ ਦੁਕਾਨ ਦੀਆਂ ਫੋਟੋਆਂ ਖਿੱਚੀਆਂ ਅਤੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਦੁਕਾਨ 'ਤੇ ਉਸਾਰੀ ਦਾ ਕੰਮ ਰੋਕ ਦੇਵੇ ਕਿਉਂਕਿ ਦੁਕਾਨ ਦਾ ਨਕਸ਼ਾ ਐਮਸੀਜੇ ਵਲੋਂ ਪਾਸ ਨਹੀਂ ਕੀਤਾ ਗਿਆ ਸੀ। ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਜੇਕਰ ਉਸ ਨੇ 10,000 ਰੁਪਏ ਦੀ ਰਿਸ਼ਵਤ ਦਿੱਤੀ ਤਾਂ ਉਸ ਦੀ ਦੁਕਾਨ ਨਹੀਂ ਢਾਹੀ ਜਾਵੇਗੀ ਕਿਉਂਕਿ ਅਧਿਕਾਰੀਆਂ ਨਾਲ ਉਸ ਦੇ ਚੰਗੇ ਸਬੰਧ ਹਨ।
ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ 4000 ਰੁਪਏ ਆਨਲਾਈਨ ਟ੍ਰਾਂਸਫਰ ਕਰਨ ਅਤੇ ਬਾਕੀ 5000 ਰੁਪਏ ਬਾਅਦ ਵਿੱਚ ਅਦਾ ਕਰਨ ਲਈ ਕਿਹਾ। ਰਿਸ਼ਵਤ ਦੀ ਰਕਮ ਲੈਣ 'ਤੇ ਦੋਸ਼ੀ ਨੇ ਸ਼ਿਕਾਇਤਕਰਤਾ 'ਤੇ 5,000 ਰੁਪਏ ਦੀ ਬਾਕੀ ਰਿਸ਼ਵਤ ਦੀ ਰਕਮ ਅਦਾ ਕਰਨ ਲਈ ਦਬਾਅ ਪਾਇਆ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5,000 ਰੁਪਏ ਲੈਂਦਿਆਂ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

