ਜਲੰਧਰ: ਪੰਜਾਬ 'ਚ ਮੌਸਮ ਨੇ ਮੋੜ ਲੈਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਦੀ ਪਹਿਲੀ ਸੰਘਣੀ ਧੁੰਦ ਅੱਜ ਸਵੇਰੇ ਵੇਖੀ ਗਈ, ਜਿਸ ਕਾਰਨ ਸਵੇਰੇ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਹੌਲੀ ਹੋ ਗਈ। ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰ ਅਤੇ ਸ਼ਾਮ ਠੰਡ ਦੇ ਨਾਲ-ਨਾਲ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਆਈ ਹੈ।
ਧੁੰਦ ਦਾ ਇਹ ਨਜ਼ਾਰਾ ਜਲੰਧਰ-ਪਠਾਨਕੋਟ ਹਾਈਵੇਅ ਦਾ ਹੈ, ਜਿੱਥੇ ਅੱਜ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਵੀ ਧੁੰਦ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਮੁਤਾਬਕ 24 ਅਕਤੂਬਰ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਲਕੀ ਬਾਰਸ਼ ਵੀ ਹੋ ਸਕਦੀ ਹੈ। ਇਸ ਮੀਂਹ ਨਾਲ ਸੂਬੇ 'ਚ ਠੰਡ ਵੀ ਵਧ ਸਕਦੀ ਹੈ।


