ਲੁਧਿਆਣਾ : ਸਥਾਨਕ ਕਸਬੇ ਦੀ ਸਤਿਕਾਰ ਪੇਪਰ ਮਿੱਲ 'ਚ ਰਾਤ ਦੀ ਡਿਊਟੀ ਦੌਰਾਨ ਇਕ ਪ੍ਰਵਾਸੀ ਮਜ਼ਦੂਰ ਦੀ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਾਚੇ ਦੇ ਬੇਟੇ ਪੱਪੂ ਅਤੇ ਰੋਹਿਤ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਪੁੱਤਰ ਹਨੂੰਮਾਨ (26) ਪਿੰਡ ਕਕਰਾਹਾ, ਜ਼ਿਲ੍ਹਾ ਬਹਿਰੋਈ (ਬਿਹਾਰ) ਸਤਿਕਾਰ ਪੇਪਰ ਮਿੱਲ ਦੇ ਕੁਆਰਟਰ 'ਚ ਰਹਿ ਰਿਹਾ ਸੀ। ਸੁਸ਼ੀਲ, ਗੋਰਖ ਅਤੇ ਤੇਜ ਗੁਪਤਾ ਮੌਕੇ 'ਤੇ ਰਾਤ ਦੀ ਡਿਊਟੀ 'ਤੇ ਮਿੱਲ ਵਿਚ ਇਕੱਠੇ ਕੰਮ ਕਰ ਰਹੇ ਸਨ। ਤੜਕੇ ਕਰੀਬ 3 ਵਜੇ ਸੁਸ਼ੀਲ ਕੁਮਾਰ ਮਿੱਲ 'ਚ ਪਾਲਪਰ 'ਚ ਡਿੱਗ ਗਿਆ। ਉਸ ਦੀ ਮੌਤ ਬਹੁਤ ਦਰਦਨਾਕ ਤਰੀਕੇ ਨਾਲ ਹੋਈ। ਜਦੋਂ ਪਾਲਪਰ ਵਿਚ ਵੈਸਟ ਕੱਢੀ ਗਈ ਤਾਂ ਸੁਸ਼ੀਲ ਦੇ ਸਰੀਰ ਦੇ ਦੋਵੇਂ ਹੱਥ, ਇਕ ਲੱਤ ਅਤੇ ਸਿਰ ਦਾ ਕੁਝ ਹਿੱਸਾ ਮਿਲਿਆ।
ਇਸ ਮੌਕੇ ਕਈ ਮਜ਼ਦੂਰਾਂ ਨੇ ਕਿਹਾ ਕਿ ਮਿੱਲ ਮਾਲਕ ਮਜ਼ਦੂਰਾਂ ਤੋਂ ਲਗਾਤਾਰ 12 ਘੰਟੇ ਕੰਮ ਕਰਵਾਉਂਦੇ ਹਨ। ਇਹ ਵੀ ਸੰਭਵ ਹੈ ਕਿ ਇਹ ਭਿਆਨਕ ਹਾਦਸਾ ਸੁਸ਼ੀਲ ਦੀ ਨੀਂਦ ਕਾਰਨ ਹੋਇਆ ਹੋਵੇ। ਸੂਚਨਾ ਮਿਲਣ 'ਤੇ ਪੁਲਿਸ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਸਵੇਰੇ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਮ੍ਰਿਤਕ ਸੁਸ਼ੀਲ ਦੇ ਸਾਰੇ ਅੰਗ ਇਕੱਠੇ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

