ਲੁਧਿਆਣਾ: ਲੁਧਿਆਣਾ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਲੁਧਿਆਣਾ ਦੀ ਦਾਣਾ ਮੰਡੀ ਵਿੱਚ ਪਟਾਕਾ ਮਾਰਕੀਟ ਨੂੰ ਲੈ ਕੇ ਵਪਾਰੀਆਂ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪਟਾਕਾ ਵਪਾਰੀ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੇ ਅੱਜ ਪੁਲਿਸ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਡਰਾਅ 'ਚ ਨਿਕਲੀਆਂ ਹਨ, ਉਹ ਅੱਗੇ ਉਨ੍ਹਾਂ ਦੁਕਾਨਾਂ ਨੂੰ ਮਹਿੰਗੇ ਰੇਟ 'ਤੇ ਵੇਚ ਰਹੇ ਹਨ, ਜਿਸ ਕਾਰਨ ਇਹ ਵਿਵਾਦ ਪੈਦਾ ਹੋਇਆ ਹੈ। ਉਨ੍ਹਾਂ ਨੇ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਡੀ ਸੀ ਪੀ ਸ਼ੁਭਮ ਅਗਰਵਾਲ ਨੇ ਭਰੋਸਾ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਮ ਡਰਾਅ 'ਚ ਸਾਹਮਣੇ ਆਏ ਹਨ, ਉਹ ਆਪਣੀ ਦੁਕਾਨ ਕਿਸੇ ਨੂੰ ਨਹੀਂ ਵੇਚ ਸਕਣਗੇ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਪੁਲਿਸ ਅਤੇ ਪ੍ਰਸ਼ਾਸਨ ਇਸ ਦੀ ਨਿਗਰਾਨੀ ਕਰਨਗੇ। ਦੱਸ ਦੇਈਏ ਕਿ ਹੁਣ ਦੀਵਾਲੀ ਦੇ ਤਿਉਹਾਰ 'ਚ ਕੁਝ ਹੀ ਦਿਨ ਬਚੇ ਹਨ ਅਤੇ ਇਨ੍ਹੀਂ ਦਿਨੀਂ ਪਟਾਕਿਆਂ ਦਾ ਕਾਰੋਬਾਰ ਜ਼ੋਰਾਂ 'ਤੇ ਹੈ, ਇਸ ਸਭ ਦੇ ਵਿਚਕਾਰ ਪਟਾਕਾ ਬਾਜ਼ਾਰ 'ਚ ਚੱਲ ਰਹੀ ਅਜਿਹੀ ਹੇਰਾਫੇਰੀ ਕਾਰਨ ਪਟਾਕੇ ਵਪਾਰੀਆਂ 'ਚ ਗੁੱਸਾ ਹੈ।

