ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਧਮਾਕੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਿਲਾਦ 'ਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਸ੍ਰੀ ਹਨੂੰਮਾਨ ਜੀ ਦਾ ਰੂਪ ਧਾਰਨ ਕਰਦੇ ਹੋਏ ਪਟਾਕਿਆਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਧਮਾਕੇ ਤੋਂ ਬਾਅਦ ਚਿੰਗਾਰੀ ਨੇੜੇ ਰੱਖੀ ਪਟਾਕਿਆਂ ਦੀ ਬੋਰੀ 'ਚ ਚਲੀ ਗਈ ਅਤੇ ਜ਼ੋਰਦਾਰ ਧਮਾਕਾ ਹੋਇਆ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ ਅਤੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਧਮਾਕੇ 'ਚ 2 ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਦਕਿ 2 ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ 'ਤੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ, ਉਥੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੀ ਮੌਕੇ 'ਤੇ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।

