ਅੰਮ੍ਰਿਤਸਰ: ਜ਼ਿਲ੍ਹੇ 'ਚ ਇਕ ਵਾਰ ਫਿਰ ਵੱਡੀ ਘਟਨਾ ਸਾਹਮਣੇ ਆਈ ਹੈ। ਇਹ ਮਾਮਲਾ ਏਅਰਪੋਰਟ ਰੋਡ ਜੁਝਾਰ ਐਵੇਨਿਊ ਦਾ ਹੈ, ਜਿੱਥੇ ਅਣਪਛਾਤੇ ਲੋਕਾਂ ਨੇ ਇਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਵਾਸੀ ਜੁਝਾਰ ਐਵੇਨਿਊ ਨੇ ਦੱਸਿਆ ਕਿ ਕੋਠੀ ਨੰਬਰ 26 ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਰ 'ਚ ਸਿਰਫ ਇਕ ਬਜ਼ੁਰਗ ਔਰਤ ਰਹਿੰਦੀ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰ ਵਿਦੇਸ਼ 'ਚ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਹਮਲਾਵਰਾਂ ਨੇ ਪਹਿਲੀ ਗੋਲੀ ਚਲਾਈ ਤਾਂ ਇਲਾਕਾ ਵਾਸੀਆਂ ਨੂੰ ਲੱਗਿਆ ਕਿ ਕੋਈ ਪਟਾਕੇ ਚਲਾ ਰਿਹਾ ਹੈ ਅਤੇ ਬਾਅਦ 'ਚ ਪਤਾ ਲੱਗਾ ਕਿ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਮਾਮਲੇ 'ਚ ਘਰ ਦਾ ਨਿਰੀਖਣ ਕਰਨ ਪਹੁੰਚੀ ਛਾਉਣੀ ਥਾਣੇ ਦੀ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੁਝਾਰ ਐਵੇਨਿਊ ਦੇ ਇਕ ਘਰ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਉਨ੍ਹਾਂ ਨੇ ਮੌਕੇ 'ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਲਗਭਗ 4 ਰਾਊਂਡ ਗੋਲੀਆਂ ਚਲਾਈਆਂ।
ਇਸ ਸਮੇਂ ਘਰ ਵਿਚ ਸਿਰਫ ਇਕ ਬਜ਼ੁਰਗ ਔਰਤ ਰਹਿੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪੁਲਿਸ ਫਾਇਰਿੰਗ ਕਰਨ ਵਾਲੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਵੇਗੀ।


