ਲੁਧਿਆਣਾ: ਜ਼ਿਲ੍ਹੇ 'ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਲਾਕੇ 'ਚ ਬਦਬੂ ਫੈਲਣ ਤੋਂ ਬਾਅਦ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਦੋਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਦੌਰਾਨ ਮਾਂ-ਬੇਟੇ ਦੀਆਂ ਲਾਸ਼ਾਂ ਕਮਰੇ 'ਚ ਬੁਰੀ ਹਾਲਤ 'ਚ ਪਈਆਂ ਮਿਲੀਆਂ। ਮ੍ਰਿਤਕ ਔਰਤ ਦੀ ਪਛਾਣ ਸੋਨੀਆ ਅਤੇ ਬੇਟੇ ਕਾਰਤਿਕ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਂ-ਬੇਟੇ ਦੀਆਂ ਲਾਸ਼ਾਂ ਦੀ ਹਾਲਤ ਬਹੁਤ ਖਰਾਬ ਸੀ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਦੇ ਸਿਰ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਔਰਤ 4 ਸਾਲ ਪਹਿਲਾਂ ਪ੍ਰੇਮ ਵਿਹਾਰ 'ਚ ਆਪਣੇ ਬੇਟੇ ਨਾਲ ਰਹਿਣ ਆਈ ਸੀ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਔਰਤ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਕਿਸੇ ਹੋਰ ਆਦਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਉਹ ਵਿਅਕਤੀ ਆਪਣੇ ਘਰ ਰੋਜ਼ਾਨਾ ਆਉਂਦਾ ਸੀ। ਫਿਲਹਾਲ ਪੁਲਸ ਨੇ ਔਰਤ ਦੇ ਪਹਿਲੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਹੈ। ਪੁਲਿਸ ਔਰਤ ਦੇ ਪਹਿਲੇ ਪਤੀ ਦੇ ਕਾਲ ਵੇਰਵਿਆਂ ਦੀ ਵੀ ਜਾਂਚ ਕਰ ਰਹੀ ਹੈ।
ਉਥੇ ਹੀ ਪਤਾ ਲੱਗਾ ਹੈ ਕਿ ਔਰਤ ਨਾਲ ਲਿਵ-ਇਨ 'ਚ ਰਹਿਣ ਵਾਲਾ ਵਿਅਕਤੀ ਵਿਜੇ ਵੀ ਫਰਾਰ ਹੈ। ਇਲਾਕੇ ਦੇ ਵਸਨੀਕਾਂ ਨੇ ਪੁਲਿਸ ਨੂੰ ਦੱਸਿਆ ਕਿ ਵਿਜੇ ਪਿਛਲੇ ਇੱਕ ਮਹੀਨੇ ਤੋਂ ਔਰਤ ਦੇ ਘਰ ਨਹੀਂ ਆ ਰਿਹਾ ਸੀ। ਔਰਤ ਦਾ ਬੇਟਾ ਘਰ 'ਚ ਇਕੱਲਾ ਰਹਿ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ ਇਕ ਪਾਲਤੂ ਕੁੱਤਾ ਵੀ ਸੀ, ਜਿਸ ਦਾ ਪਤਾ ਨਹੀਂ ਲੱਗ ਸਕਿਆ ਹੈ।