ਲੁਧਿਆਣਾ: ਪੰਜਾਬ 'ਚ ਇਕ ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲੁਧਿਆਣਾ ਦੇ ਮੇਹਰਬਾਨ ਥਾਣੇ ਅਧੀਨ ਹਵਾਸ ਤੋਂ ਖਾਸੀ ਰੋਡ 'ਤੇ ਦੋ ਸਾਥੀਆਂ ਵਿਚਾਲੇ ਬਹਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਵਿਅਕਤੀ ਸੁਖਜੀਤ ਸਿੰਘ ਬੱਬੂ ਦੇ ਸਿਰ 'ਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੁਖਜੀਤ ਸਿੰਘ ਬੱਬੂ ਦੀ ਇੱਥੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਾਧੇ ਸ਼ਿਆਮ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਸੁਖਜੀਤ ਸਿੰਘ ਬੱਬੂ ਦੇ ਦੋਸਤ ਕੁਲਵਿੰਦਰ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀ ਖਾਸੀ ਕਲਾਂ ਦੀ ਸ਼ਿਕਾਇਤ 'ਤੇ ਦੋਸ਼ੀ ਸੁਖਦੇਵ ਸਿੰਘ ਪੱਪਾ, ਨਵਤੇਜ ਸਿੰਘ ਤੇਜੀ, ਦਮਨਪ੍ਰੀਤ ਸਿੰਘ ਦਮਨ, ਇਕਬਾਲ ਇੰਦਰ ਸਿੰਘ ਅਕਾਲੀ ਅਤੇ ਜਗਤਾਰ ਵਾਸੀ ਖਾਸੀ ਕਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੂਜੀ ਧਿਰ ਸੁਖਦੇਵ ਸਿੰਘ ਪੱਪਾ ਦਾ ਸੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

