ਜਲੰਧਰ/ਚੰਡੀਗੜ੍ਹ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਨੇ ਇਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਗੈਂਗਸਟਰ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਗਲਾਕ ਪਿਸਤੌਲ, ਚਾਰ ਮੈਗਜ਼ੀਨ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਨੀਲ ਕੁਮਾਰ ਉਰਫ ਆਸ਼ੂ ਵਾਸੀ ਰਾਊਵਾਲ (ਬਟਾਲਾ) ਅਤੇ ਦਿਲਪ੍ਰੀਤ ਸਿੰਘ ਉਰਫ ਦਿਲ ਵਾਸੀ ਰਾਏਮਲ ਬਟਾਲਾ ਵਜੋਂ ਹੋਈ ਹੈ। ਦੋਸ਼ੀ ਸੁਨੀਲ ਉਰਫ ਆਸ਼ੂ ਦਾ ਅਪਰਾਧਿਕ ਇਤਿਹਾਸ ਰਿਹਾ ਹੈ ਅਤੇ ਉਸ 'ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ 27 ਫਰਵਰੀ, 2024 ਨੂੰ ਗੁਰਦਾਸਪੁਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਆਪਣੇ ਹੈਂਡਲਰਾਂ ਦੀਆਂ ਹਦਾਇਤਾਂ 'ਤੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਨੂੰ ਅੱਗੇ ਕਿਸੇ ਅਣਜਾਣ ਧਿਰ ਨੂੰ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਨੈੱਟਵਰਕ ਵਿੱਚ ਸ਼ਾਮਲ ਹੋਰ ਸ਼ੱਕੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਸੀਆਈ ਪਠਾਨਕੋਟ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਨੀਲ ਕੁਮਾਰ ਅਤੇ ਦਿਲਪ੍ਰੀਤ ਸਿੰਘ ਕੁਝ ਅਣਪਛਾਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਮਿਲੀ ਸੀ।