ਬਟਾਲਾ: ਪੰਜਾਬ ਦੇ ਬਟਾਲਾ 'ਚ ਇਕ 3 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਾਣੀਆ ਦੀ ਪਤਨੀ ਅਭਿਨੰਦਨ ਵਾਸੀ ਪਿੰਡ ਉਲਾਪੁਰ ਨੇ ਦੱਸਿਆ ਕਿ 18 ਜਨਵਰੀ ਨੂੰ ਉਹ ਆਪਣੇ ਕੰਮ ਤੋਂ ਪਠਾਨਕੋਟ ਗਈ ਸੀ ਕਿ ਸ਼ਾਮ ਕਰੀਬ 7.30 ਵਜੇ ਉਸ ਦੇ ਪਿਤਾ ਕਾਲੂ ਮੰਡਲ ਨੂੰ ਫੋਨ ਆਇਆ ਕਿ ਤੁਹਾਡੀ ਧੀ ਰਾਗਿਨੀ ਨੂੰ ਗੁਆਂਢੀ ਖੇਡਣ ਲਈ ਕਮਰੇ ਵਿੱਚ ਲੈ ਗਿਆ ਹੈ ਜਿੱਥੇ ਉਸਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ।
ਇਸ ਦੌਰਾਨ ਲੜਕੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਦੀ ਪਛਾਣ ਅਨਿਲ ਸਾਹੋ ਉਰਫ ਰਾਜੂ ਨਾਟਾ ਪੁੱਤਰ ਭੋਲਾ ਸਾਹੋ ਵਾਸੀ ਕਹਲਗਾਓਂ, ਜ਼ਿਲ੍ਹਾ ਬਾਗਲਪੁਰ (ਬਿਹਾਰ) ਵਜੋਂ ਹੋਈ ਹੈ। ਔਰਤ ਨੇ ਦੱਸਿਆ ਕਿ ਉਸ ਦੀ 3 ਸਾਲ ਦੀ ਬੇਟੀ ਰਾਗਿਨੀ ਨੂੰ ਅਨਿਲ ਸਾਹੋ ਨੇ ਖੇਡਦੇ ਸਮੇਂ ਲਾਪਰਵਾਹੀ ਨਾਲ ਜ਼ਮੀਨ 'ਤੇ ਸੁੱਟ ਕੇ ਮਾਰ ਦਿੱਤਾ। ਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਸਿਟੀ ਥਾਣੇ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।