ਪਟਿਆਲਾ 'ਚ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਜ ਦੇਰ ਸ਼ਾਮ ਐਸਐਸਐਸ ਗ੍ਰੀਨ ਐਨਰਜੀ ਫੈਕਟਰੀ ਕਾਮਸਪੁਰ ਵਿਖੇ ਪਰਾਲੀ ਦੇ ਖੁੱਲ੍ਹੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਗੋਦਾਮ 'ਚ ਪਈ ਪਰਾਲੀ ਦੇ ਕਈ ਬੰਡਲ ਸੜ ਕੇ ਸੁਆਹ ਹੋ ਗਏ। ਅੱਗ ਬੁਝਾਉਣ ਲਈ ਸਮਾਣਾ, ਨਾਭਾ, ਪਟਿਆਲਾ ਅਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਫੈਕਟਰੀ ਮਾਲਕ ਰਾਜੀਵ ਗੋਇਲ (ਸੰਤੀ) ਨੇ ਦੱਸਿਆ ਕਿ ਫੈਕਟਰੀ ਦੇ ਨੇੜੇ ਕਰੀਬ 2 ਏਕੜ 'ਚ ਪਰਾਲੀ ਦਾ ਗੋਦਾਮ ਹੈ, ਜਿਸ 'ਚ ਸ਼ਾਮ 6 ਵਜੇ ਅਚਾਨਕ ਅੱਗ ਲੱਗ ਗਈ।
ਇਸ ਦੀ ਜਾਣਕਾਰੀ ਫਾਇਰ ਸਟੇਸ਼ਨ ਅਤੇ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਨੇ ਲਗਭਗ 85 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ। ਇਸ ਸਬੰਧੀ ਫਾਇਰ ਬ੍ਰਿਗੇਡ ਅਧਿਕਾਰੀ ਲਵ-ਕੁਸ਼ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਸਖਤ ਮਿਹਨਤ ਕੀਤੀ ਪਰ ਉਦੋਂ ਤੱਕ ਕਈ ਥਾਵਾਂ 'ਤੇ ਅੱਗ ਲੱਗ ਚੁੱਕੀ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।