ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਸ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਅਤੇ ਕਾਰੋਬਾਰੀ ਟਿੰਕੂ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਦੋਸ਼ੀ ਗੈਂਗਸਟਰ ਪੁਨੀਤ ਅਤੇ ਨਰਿੰਦਰ ਲਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਜਾਂਚ ਦੌਰਾਨ ਵੱਡੇ ਨਾਮ ਸਾਹਮਣੇ ਆ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਇਕ ਹਿੰਦੂ ਨੇਤਾ ਸਮੇਤ ਕਈ ਲੋਕਾਂ ਦੇ ਨਾਂ ਹਨ।
ਪੁਲਿਸ ਨੇ ਪਿਛਲੇ ਦਿਨੀਂ ਸ਼ੂਟਰ ਪੁਨੀਤ ਅਤੇ ਨਰਿੰਦਰ ਲਾਲੀ ਨੂੰ 8 ਹੋਰ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਮੁਲਜ਼ਮਾਂ ਕੋਲੋਂ 6 ਵਿਦੇਸ਼ੀ ਪਿਸਤੌਲ ਅਤੇ ਲਗਭਗ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਨੀਤ ਅਤੇ ਲਾਲੀ ਨੇ ਗੈਂਗਸਟਰ ਲੱਕੀ ਪਟਿਆਲ ਦੇ ਕਹਿਣ 'ਤੇ ਮਿਕੀ ਅਗਵਾ ਮਾਮਲੇ ਵਿਚ ਸਜ਼ਾ ਕੱਟ ਚੁੱਕੇ ਉਕਤ ਡਿਪਟੀ 'ਤੇ ਗੋਲੀਆਂ ਚਲਾਈਆਂ ਸਨ ਅਤੇ ਨਵੀਂ ਦਾਣਾ ਮੰਡੀ ਨੇੜੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਥੇ ਹੀ ਪੁਰਾਣੀ ਨਿੱਜੀ ਦੁਸ਼ਮਣੀ ਕਾਰਨ ਪੁਨੀਤ ਨੇ ਆਪਣੇ ਸਾਥੀ ਨਰਿੰਦਰ ਲਾਲੀ ਨਾਲ ਮਿਲ ਕੇ ਕਾਰੋਬਾਰੀ ਗੁਰਮੀਤ ਸਿੰਘ ਟਿੰਕੂ 'ਤੇ ਗੋਲੀਆਂ ਚਲਾਈਆਂ ਸਨ। ਇਹ ਕਤਲ ਸੋਢਲ ਰੋਡ 'ਤੇ ਪ੍ਰੀਤ ਨਗਰ ਵਿੱਚ ਹੋਇਆ ਸੀ। ਘਟਨਾ ਤੋਂ ਬਾਅਦ ਮੁਲਜ਼ਮ ਕੌਸ਼ਲ ਚੌਧਰੀ, ਨੀਰਜ ਬਵਾਨਾ ਅਤੇ ਦਵਿੰਦਰ ਪੁਲਿਸ ਦੀ ਹਿਰਾਸਤ ਤੋਂ ਬਾਹਰ ਸਨ। ਜ਼ਿਕਰਯੋਗ ਹੈ ਕਿ ਦੋਵਾਂ ਮੁਲਜ਼ਮਾਂ ਨੇ 20 ਜੂਨ, 2021 ਨੂੰ ਡਿਪਟੀ ਕਤਲ ਨੂੰ ਅੰਜਾਮ ਦਿੱਤਾ ਸੀ।