ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ 1993 ਵਿੱਚ ਹੋਏ ਇਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦਿਆਂ ਸਾਬਕਾ ਐਸਪੀ ਪਰਮਜੀਤ ਸਿੰਘ ਵਿਰਕ ਨੂੰ ਦੋਸ਼ੀ ਕਰਾਰ ਦਿੰਦਿਆਂ ਉਸਨੂੰ ਦਸ ਸਾਲ ਦੀ ਸਖਤ ਕੈਦ ਅਤੇ ₹50,000 ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਉੱਤੇ ਅਗਵਾ ਅਤੇ ਫਰਜ਼ੀ ਮੁਕਾਬਲਾ ਰਚਾਉਣ ਦੀਆਂ ਗੰਭੀਰ ਧਾਰਾਵਾਂ ਲਾਗੂ ਕਰਦਿਆਂ ਇਹ ਸਜ਼ਾ ਦਿੱਤੀ। ਇਹ ਮਾਮਲਾ 1993 ਵਿੱਚ ਪੁਲਿਸ ਕਾਂਸਟੇਬਲ ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਫਰਜ਼ੀ ਮੁਕਾਬਲੇ ਵਿੱਚ ਮਾਰੇ ਜਾਣ ਨਾਲ ਸਬੰਧਤ ਸੀ।
ਇਸ ਮਾਮਲੇ ਵਿੱਚ ਹੋਰ ਤਿੰਨ ਪੁਲਿਸ ਮੁਲਾਜ਼ਮ-ਧਰਮ ਸਿੰਘ, ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ- ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਬਰੀ ਕਰ ਦਿੱਤਾ। ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਿੱਧੇ ਜਾਂ ਮਜਬੂਤ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਲਾਭ ਮਿਲਿਆ।
ਮਾਮਲੇ ਸਬੰਧੀ ਪੀੜਤ ਪਰਿਵਾਰ ਨੇ ਅਦਾਲਤ ਦੇ ਫੈਸਲੇ ’ਤੇ ਅਸੰਤੋਸ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਧੂਰਾ ਇਨਸਾਫ਼ ਮਿਲਿਆ ਹੈ ਕਿਉਂਕਿ ਤਿੰਨ ਅਜਿਹੇ ਲੋਕ ਜੋ ਘਟਨਾ ਸਮੇਂ ਮੌਜੂਦ ਸਨ, ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹਾਲੇ ਵੀ ਨਿਆਂ ਦੀ ਉਮੀਦ ਰੱਖਦੇ ਹਨ ਅਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ।
ਉਨ੍ਹਾਂ ਨੇ ਇਸ ਗੱਲ 'ਤੇ ਭਰੋਸਾ ਜਤਾਇਆ ਕਿ ਉੱਚ ਅਦਾਲਤ ਵਿੱਚ ਪੂਰੇ ਤੱਥ ਪੇਸ਼ ਕਰਕੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਕੱਟਘਰੇ ਵਿੱਚ ਲਿਆਂਦਾ ਜਾ ਸਕੇਗਾ। ਪਰਿਵਾਰ ਨੇ ਆਪਣੇ ਵਕੀਲਾਂ ਰਾਹੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਲੜਾਈ ਹੁਣ ਵੀ ਜਾਰੀ ਹੈ।