ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਇੱਕ ਕਾਲਜ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਜ਼ਖਮੀ ਵਿਦਿਆਰਥੀ ਦੀ ਪਛਾਣ ਲਵੀਸ਼ ਸ਼ਾਹੀ ਪੁੱਤਰ ਉਮੇਸ਼ ਸ਼ਾਹੀ ਵਾਸੀ ਰਜਿੰਦਰ ਨਗਰ, ਸਿਵਲ ਲਾਈਨਜ਼, ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜ਼ਖਮੀ ਵਿਦਿਆਰਥੀ ਪੀਸੀਟੀ ਕਾਲਜ ਬਦੋਵਾਲ ਵਿਖੇ ਹੋਟਲ ਮੈਨੇਜਮੈਂਟ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ।
ਇਹ ਘਟਨਾ ਸ਼ਾਮ ਕਰੀਬ 4.30 ਵਜੇ ਕਾਲਜ ਦੀ ਪਾਰਕਿੰਗ 'ਚ ਵਾਪਰੀ, ਜਿੱਥੇ ਉਸ ਦੀ ਹੋਰ ਵਿਦਿਆਰਥੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਹੋਰ ਵਿਦਿਆਰਥੀਆਂ ਨੇ ਲਵੀਸ਼ ਦੀ ਪਿੱਠ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਵਿਦਿਆਰਥੀ ਦਾ ਦੀਪਕ ਹਸਪਤਾਲ ਸਰਾਭਾ ਨਗਰ ਵਿਖੇ ਇਲਾਜ ਚੱਲ ਰਿਹਾ ਹੈ। ਪੀੜਤ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਅਕਸਰ ਉਸ ਦੇ ਬੇਟੇ ਨੂੰ ਪਰੇਸ਼ਾਨ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਦਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।