ਪਟਿਆਲਾ: ਪਟਿਆਲਾ 'ਚ ਇਕ ਆਟੋ ਚਾਲਕ ਨੇ 12 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ, ਜੋ ਉਸ ਨੂੰ ਆਟੋ ਰਿਕਸ਼ਾ 'ਚ ਸਕੂਲ ਲੈ ਜਾਂਦਾ ਸੀ ਅਤੇ ਡਰ ਕਾਰਨ ਮਾਮਲਾ ਲੁਕਾਉਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਸੁਭਾਮ ਕਨੌਜੀਆ ਖਿਲਾਫ ਕੇਸ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐਸਐਚਓ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਸਿਰਫ 12 ਸਾਲ ਦੀ ਹੈ ਅਤੇ ਉਹ ਸ਼ੁਭਮ ਕਨੌਜੀਆ ਨਾਲ ਆਟੋ 'ਚ ਸਕੂਲ ਜਾਂਦੀ ਸੀ, ਫਿਰ 7 ਅਗਸਤ 2024 ਨੂੰ ਉਹ ਲੜਕੀ ਨੂੰ ਆਟੋ 'ਚ ਬਿਠਾ ਕੇ ਖਾਲਸਾ ਨਗਰ ਪਟਿਆਲਾ ਨੇੜੇ ਇਕ ਸੁੰਨਸਾਨ ਪਲਾਟ 'ਤੇ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਲੜਕੀ ਗਰਭਵਤੀ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਸ਼ੁਭਮ ਕਨੌਜੀਆ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

