ਗੁਰਦਾਸਪੁਰ: ਗੁਰਦਾਸਪੁਰ 'ਚ ਇਕ ਵਿਆਹੁਤਾ ਔਰਤ ਨੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਗੁਰਦਾਸਪੁਰ ਸਦਰ ਪੁਲਸ ਨੇ ਮ੍ਰਿਤਕਾ ਦੀ ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰਕੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਸੱਸ ਫਰਾਰ ਹੋਣ 'ਚ ਕਾਮਯਾਬ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਇਕ ਔਰਤ ਕਮਲੇਸ਼ ਪਤਨੀ ਸ਼ੀਦਾ ਮਸੀਹ ਵਾਸੀ ਸ਼ਹਿਜ਼ਾਦਾ ਨੰਗਲ, ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਧੀ ਕੋਮਲ ਦਾ ਵਿਆਹ ਸੰਦੀਪ ਪੁੱਤਰ ਕਰਮ ਸ਼ਾਹ ਵਾਸੀ ਪਿੰਡ ਅਮੀਪੁਰ ਨਾਲ ਹੋਇਆ ਸੀ। ਕਮਲੇਸ਼ ਨੇ ਕਿਹਾ ਕਿ ਉਸ ਦੇ ਬੇਟੇ ਲੱਬਾ ਨੂੰ ਕਿਸੇ ਦਾ ਫੋਨ ਆਇਆ ਕਿ ਕੋਮਲ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਉਹ ਤੁਰੰਤ ਆਪਣੇ ਬੇਟੇ ਨਾਲ ਪਿੰਡ ਅਮੀਪੁਰ ਕੋਮਲ ਦੇ ਸਹੁਰੇ ਘਰ ਪਹੁੰਚੀ। ਕੋਮਲ ਉਥੇ ਤਕਲੀਫ ਵਿਚ ਸੀ ਅਤੇ ਉਸ ਨੇ ਦੱਸਿਆ ਕਿ ਉਸ ਦੀ ਸੱਸ ਮਨਜੀਤ ਅਤੇ ਸਹੁਰਾ ਕਰਮਾ ਉਸ ਨੂੰ ਤੰਗ ਕਰਦੇ ਸਨ, ਜਿਸ ਕਾਰਨ ਉਸ ਨੇ ਜ਼ਹਿਰੀਲੀਆਂ ਚੀਜ਼ਾਂ ਖਾ ਲਈਆਂ। ਕਮਲੇਸ਼ ਨੇ ਦੱਸਿਆ ਕਿ ਕੋਮਲ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸਹਾਇਕ ਸਬ ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਕਮਲੇਸ਼ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕਾ ਦੀ ਸੱਸ ਮਨਜੀਤ ਅਤੇ ਸਹੁਰੇ ਕਰਮਾ ਖਿਲਾਫ ਮਾਮਲਾ ਦਰਜ ਕਰਕੇ ਕਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਸੱਸ ਫਰਾਰ ਹੋ ਗਈ ਹੈ।

