ਚੰਡੀਗੜ੍ਹ: ਖਾਣ-ਪੀਣ ਦੇ ਸ਼ੌਕੀਨ ਪੰਜਾਬੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਐਫਐਸਐਸਏਆਈ ਦੀ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਦੁੱਧ ਅਤੇ ਦੁੱਧ ਉਤਪਾਦਾਂ, ਤੇਲ ਅਤੇ ਭੋਜਨ ਉਤਪਾਦਾਂ 'ਚ ਮਿਲਾਵਟ 'ਚ ਪਿਛਲੇ ਇਕ ਸਾਲ 'ਚ 7 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2024-25 'ਚ ਐੱਫਐੱਸਐੱਸਏਆਈ ਵੱਲੋਂ ਲਏ ਗਏ 1628 ਨਮੂਨਿਆਂ 'ਚੋਂ 22 ਫੀਸਦੀ ਨਮੂਨੇ ਫੇਲ੍ਹ ਪਾਏ ਗਏ ਹਨ।
ਐਫਐਸਐਸਏਆਈ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 2023-24 ਵਿੱਚ ਲਏ ਗਏ 6041 ਨਮੂਨਿਆਂ ਵਿੱਚੋਂ 15.38 ਪ੍ਰਤੀਸ਼ਤ ਨਮੂਨੇ ਫੇਲ੍ਹ ਹੋ ਗਏ। ਇਸ ਦੇ ਨਾਲ ਹੀ ਸਾਲ 2022-23 'ਚ 8179 ਨਮੂਨਿਆਂ 'ਚੋਂ 21.08 ਫੀਸਦੀ ਅਤੇ ਸਾਲ 2021-22 'ਚ 6768 ਨਮੂਨਿਆਂ 'ਚੋਂ 15.65 ਫੀਸਦੀ ਨਮੂਨੇ ਫੇਲ੍ਹ ਹੋਏ। ਇਹ ਰਿਪੋਰਟ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਇੱਕ ਸਵਾਲ ਦੇ ਜਵਾਬ ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੀ।
ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਮਿਲਾਵਟਖੋਰੀ ਲਗਾਤਾਰ ਵੱਧ ਰਹੀ ਹੈ। ਇਹ ਲੋਕਾਂ ਦੀ ਸਿਹਤ ਨਾਲ ਖੇਡ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਸੈਂਪਲਿੰਗ ਵੀ ਘਟਾਈ ਜਾ ਰਹੀ ਹੈ। ਸਪੱਸ਼ਟ ਹੈ ਕਿ ਜੇਕਰ ਵਿਭਾਗ ਵੱਲੋਂ ਸੈਂਪਲਿੰਗ ਵਧਾ ਦਿੱਤੀ ਜਾਵੇ ਤਾਂ ਹੋਰ ਵੀ ਹੈਰਾਨੀਜਨਕ ਅੰਕੜੇ ਸਾਹਮਣੇ ਆ ਸਕਦੇ ਹਨ।

