ਫ਼ਿਰੋਜ਼ਪੁਰ, 6 ਜੂਨ – ਫ਼ਿਰੋਜ਼ਪੁਰ ਦੇ ਗੁਰੂ ਹਰ ਸਹਾਏ ਇਲਾਕੇ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 18 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਾਨਕ ਚਲਾਨਾ ਪੁੱਤਰ ਵਿਨੋਦ ਕੁਮਾਰ ਚਲਾਨਾ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਮਾਨਕ ਲੰਮੇ ਸਮੇਂ ਤੋਂ ਗਲੀ ਵਿੱਚ ਕਾਰਾਂ ਧੋਣ ਦਾ ਕੰਮ ਕਰਦਾ ਸੀ। ਪਰ ਹਾਲ ਹੀ ਵਿੱਚ ਗਲੀ ਦੇ ਕੁਝ ਵਾਸੀਆਂ ਨੇ ਉਸ ਦੇ ਕੰਮ ਬਾਰੇ ਸ਼ਿਕਾਇਤ ਕਰਦੀ ਹੋਈ ਇੱਕ ਅਧਿਕਾਰਿਕ ਦਫ਼ਤਰ ਵਿੱਚ ਅਰਜ਼ੀ ਦਿੱਤੀ। ਇਸ ਸ਼ਿਕਾਇਤ ਤੋਂ ਬਾਅਦ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਵਲੋਂ ਮਾਨਕ ਦਾ ਕੰਮ ਬੰਦ ਕਰਵਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਕੰਮਕਾਜ ਰੁਕਣ ਤੋਂ ਬਾਅਦ ਮਾਨਕ ਗਹਿਰੀ ਮਨੋਵਿਗਿਆਨਕ ਤਣਾਅ ਦੀ ਹਾਲਤ ਵਿੱਚ ਚਲਾ ਗਿਆ ਸੀ ਅਤੇ ਰਾਤ ਦੇ ਸਮੇਂ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਮਾਨਕ ਦੇ ਪਰਿਵਾਰ ਨੇ ਸਾਫ਼ ਦੋਸ਼ ਲਾਇਆ ਹੈ ਕਿ ਕੁਝ ਲੋਕਾਂ ਵਲੋਂ ਉਸ ਦੀ ਆਮਦਨ ਦਾ ਸਾਧਨ ਬੰਦ ਕਰਵਾਉਣ ਅਤੇ ਮਨੋਵਿਗਿਆਨਕ ਦਬਾਅ ਪੈਦਾ ਕਰਨ ਕਾਰਨ ਉਨ੍ਹਾਂ ਦੇ ਲੜਕੇ ਨੇ ਇਹ ਕਦਮ ਚੁੱਕਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਦੇ ਕਾਰਨ ਉਨਾਂ ਦੇ ਨੌਜਵਾਨ ਲੜਕੇ ਦੀ ਮੌਤ ਹੋਈ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।