ਹਰਿਆਣਾ, 7 ਜੂਨ– ਫਰੀਦਾਬਾਦ ਵਿੱਚ ਦਿੱਲੀ-ਮਥੁਰਾ-ਆਗਰਾ ਹਾਈਵੇਅ ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਬੀਤੀ ਰਾਤ ਲਗਭਗ 2:30 ਵਜੇ ਵਾਪਰਿਆ, ਜਦ ਪਲਵਲ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਐਮਜੀ ਹੈਕਟਰ ਨੇ ਸਾਹਮਣੋਂ ਆ ਰਹੀ ਅਰਟੀਗਾ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ।
ਟੱਕਰ ਇੰਨੀ ਭਿਆਨਕ ਸੀ ਕਿ ਅਰਟੀਗਾ ਕਾਰ ਦੋ ਵਾਰ ਪਲਟ ਖਾ ਗਈ ਅਤੇ ਹਾਈਵੇਅ 'ਤੇ ਘਸੀਟਦੀ ਹੋਈ ਕਾਫ਼ੀ ਦੂਰ ਤਕ ਚਲੀ ਗਈ। ਟੱਕਰ ਤੋਂ ਬਾਅਦ ਹੈਕਟਰ ਗੱਡੀ ਦੇ ਅੱਗਲੇ ਹਿੱਸੇ ਨੇ ਅੱਗ ਫੜ ਲੀ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਇਸ ਹਾਦਸੇ ਵਿੱਚ ਪਲਵਲ ਦੇ ਤਿੰਨ ਨੌਜਵਾਨ – ਤ੍ਰਿਵੇਂਦਰ (ਉਮਰ 28 ਸਾਲ), ਮਨੀਸ਼ (ਉਮਰ 23 ਸਾਲ) ਅਤੇ ਦੀਪਾਂਸ਼ੂ (ਉਮਰ 30 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਰਟੀਗਾ ਵਿੱਚ ਸਫਰ ਕਰ ਰਹੇ ਹੋਰ ਦੋ ਯਾਤਰੀਆਂ ਅਤੇ ਹੈਕਟਰ ਵਿੱਚ ਮੌਜੂਦ ਤਿੰਨ ਵਿਅਕਤੀਆਂ ਵਿੱਚੋਂ ਦੋ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਹਾਂ ਵਾਹਨਾਂ ਦੀ ਰਫ਼ਤਾਰ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।