ਬਠਿੰਡਾ, 1 ਜੂਨ- ਬਠਿੰਡਾ ਥਰਮਲ ਪਲਾਂਟ ਦੇ ਨੇੜੇ ਸਥਿਤ ਉੜੀਆ ਕਲੋਨੀ ਵਿੱਚ ਕੱਲ੍ਹ ਰਾਤ ਕਰੀਬ ਇਕ ਵਜੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਝੁੱਗੀਆਂ ਅਤੇ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇਸ ਕਾਲੋਨੀ ਵਿੱਚ ਲਗਭਗ 200 ਤੋਂ ਵੱਧ ਪਰਿਵਾਰ ਰਹਿੰਦੇ ਹਨ ਜੋ ਓੜੀਸਾ, ਬਿਹਾਰ ਅਤੇ ਯੂ.ਪੀ. ਤੋਂ ਆਏ ਹੋਏ ਪ੍ਰਵਾਸੀ ਮਜ਼ਦੂਰ ਹਨ ਅਤੇ ਮਿੱਟੀ-ਕਾਨਿਆ ਨਾਲ ਬਣੀਆਂ ਅਸਥਾਈ ਝੁੱਗੀਆਂ ਵਿੱਚ ਰਹਿ ਰਹੇ ਹਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਮਿਲਜੁਲ ਕੇ ਅੱਗ ਉੱਤੇ ਕਾਬੂ ਪਾਇਆ, ਕਿਉਂਕਿ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚ ਸਕਦੀ। ਇਸ ਖੇਤਰ ਵਿਚਲੀ ਸਰਹਿੰਦ ਨਹਿਰ 'ਤੇ ਬਣੇ ਪੁਲ ਦੀ ਚੌੜਾਈ ਇਨੀ ਘੱਟ ਹੈ ਕਿ ਉਥੋਂ ਸਿਰਫ਼ ਦੋ ਪਹੀਆ ਵਾਹਨ ਹੀ ਲੰਘ ਸਕਦੇ ਹਨ।
ਇਸ ਘਟਨਾ ਦੌਰਾਨ ਕਈ ਪਰਿਵਾਰਾਂ ਨੂੰ ਵੱਡਾ ਨੁਕਸਾਨ ਹੋਇਆ, ਜਿਵੇਂ ਕਿ ਪ੍ਰੇਮ ਚੰਦ ਨਾਂਕ ਵਿਅਕਤੀ ਨੇ ਦੱਸਿਆ ਕਿ ਉਸਦਾ ਲਗਭਗ 50 ਹਜ਼ਾਰ ਰੁਪਏ ਦਾ ਸਾਮਾਨ ਸੜ ਗਿਆ। ਉਹ ਆਪਣੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਝੁੱਗੀ ਵਿੱਚ ਸੋਇਆ ਹੋਇਆ ਸੀ ਤੇ ਅੱਗ ਲੱਗਣ ਦੀ ਅਚਾਨਕ ਸੂਚਨਾ ਮਿਲਣ 'ਤੇ ਉਨ੍ਹਾਂ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਇਥੇ ਪਹਿਲਾਂ ਵੀ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਪੱਕੇ ਘਰ ਬਣਾਉਣ ਦੇ ਵਾਅਦੇ ਹੁੰਦੇ ਆ ਰਹੇ ਹਨ, ਪਰ ਅਜੇ ਤੱਕ ਉਹ ਪੂਰੇ ਨਹੀਂ ਹੋਏ। ਲੋਕਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਸਥਿਤੀ ਵੱਲ ਧਿਆਨ ਦੇਵੇ ਅਤੇ ਢਾਂਚਾਗਤ ਸੁਧਾਰ ਕਰਕੇ ਬੁਨਿਆਦੀ ਸਹੂਲਤਾਂ ਜਿਵੇਂ ਕਿ ਚੌੜਾ ਪੁਲ ਅਤੇ ਪੱਕੇ ਘਰ ਉਪਲਬਧ ਕਰਵਾਏ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।