ਨਵੀਂ ਦਿੱਲੀ, 10 ਜੂਨ- ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਮੰਗਲਵਾਰ ਸਵੇਰੇ ਇੱਕ ਹਾਊਸਿੰਗ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ 'ਤੇ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਭਿਆਨਕ ਹਾਲਾਤਾਂ 'ਚ, ਉਪਰਲੀ ਮੰਜ਼ਿਲ 'ਤੇ ਰਹਿੰਦੇ ਇੱਕ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ ਬੇਬਸੀ 'ਚ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਦਸੇ ਦੌਰਾਨ ਪਿਤਾ ਅਤੇ ਉਸਦੇ ਦੋ ਬੱਚਿਆਂ—ਇਕ ਪੁੱਤਰ ਤੇ ਇਕ ਧੀ—ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਨੂੰ ਸਵੇਰੇ ਕਰੀਬ 10 ਵਜੇ ਅੱਗ ਬਾਰੇ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਉਣ ਲਈ ਮੌਕੇ 'ਤੇ ਅੱਠ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਅੱਗ ਇੰਨੀ ਤੇਜ਼ ਸੀ ਕਿ ਲੱਗੇ ਹੇਠਾਂ ਦੇ ਅਪਾਰਟਮੈਂਟ ਤੱਕ ਵੀ ਲਪਟਾਂ ਪਹੁੰਚ ਗਈਆਂ। ਫਾਇਰ ਡਿਪਾਰਟਮੈਂਟ ਵੱਲੋਂ ਇੱਕ ਸਕਾਈ ਲਿਫਟ ਵੀ ਲਗਾਈ ਗਈ ਹੈ, ਤਾਂ ਜੋ ਜੇਕਰ ਹੋਰ ਲੋਕ ਇਮਾਰਤ 'ਚ ਫਸੇ ਹੋਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਹਾਲਾਂਕਿ ਅੱਗ ਲੱਗਣ ਦੇ ਪੱਕੇ ਕਾਰਣਾਂ ਦੀ ਪਹੁੰਚ ਅਜੇ ਤੱਕ ਨਹੀਂ ਹੋ ਸਕੀ ਹੈ, ਪਰ ਅਧਿਕਾਰੀ ਅੱਗ ਲਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।