ਮਾਨਸਾ, 10 ਜੂਨ- ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਵਾਲੀ ਵਿੱਚ ਪੰਜਾਬ ਸਰਕਾਰ ਵੱਲੋਂ 212 ਏਕੜ ਜ਼ਮੀਨ ਨੂੰ ਅਰਬਨ ਸਟੇਟ ਬਣਾਉਣ ਲਈ ਐਕਵਾਇਰ ਕਰਨ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੇ ਉਗਰ ਰੁੱਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦੇਣਗੇ ਅਤੇ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਪੂਰੀ ਤਾਕਤ ਨਾਲ ਲੜਾਈ ਲੜਣਗੇ। ਅੱਜ ਪਿੰਡ ਵਿੱਚ ਇਕੱਠ ਹੋਏ ਕਿਸਾਨਾਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦਾਅਵਾ ਕੀਤਾ ਕਿ ਜ਼ਮੀਨ ਦੇ ਬਦਲੇ 1200 ਗਜ਼ ਦੀ ਪੇਸ਼ਕਸ਼ ਸਿਰਫ਼ ਇੱਕ ਚਲਾਕੀ ਹੈ, ਜਿਸ ਰਾਹੀਂ ਉਨ੍ਹਾਂ ਦੀਆਂ ਜਮੀਨਾਂ ਉੱਘੇ ਕਾਰਪੋਰੇਟ ਘਰਾਣਿਆਂ ਨੂੰ ਸੌਂਪੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਠੂਠਿਆਵਾਲੀ ਪਿੰਡ ਦੀ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਦੀ ਜ਼ਮੀਨ ਵੀ ਇਸੇ ਤਰੀਕੇ ਨਾਲ ਛੀਣੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਇਲਜਾਮ ਲਾਇਆ ਕਿ ਇਹ ਸਰਕਾਰ ਦੀ ਇੱਕ ਰਚੀਤ ਰਣਨੀਤੀ ਹੈ, ਜਿਸ ਰਾਹੀਂ ਪਿੰਡਾਂ ਦੀਆਂ ਜਮੀਨਾਂ ਜ਼ਬਤ ਕਰਕੇ ਸ਼ਹਿਰੀਕਰਨ ਦੀ ਆੜ ਹੇਠ ਕਾਰੋਬਾਰੀ ਹਿੱਤਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਮੀਨ ਦੀ ਰਾਖੀ ਲਈ ਜਾਨਾਂ ਤੱਕ ਵਾਰਣ ਨੂੰ ਤਿਆਰ ਹਨ ਅਤੇ ਅੱਜ ਇਸ ਮਾਮਲੇ ਸਬੰਧੀ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।