ਚੰਡੀਗੜ੍ਹ, 19 ਜੂਨ 2025 – ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਵੇਰੇ ਸੈਕਟਰ 53-54 ਸਥਿਤ ਆਦਰਸ਼ ਕਲੋਨੀ ਵਿਚੋਂ ਗੈਰਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਵੱਡੀ ਕਾਰਵਾਈ ਸ਼ੁਰੂ ਕੀਤੀ। ਲਗਭਗ 12 ਏਕੜ ਸਰਕਾਰੀ ਜ਼ਮੀਨ ਨੂੰ ਅਜ਼ਾਦ ਕਰਵਾਉਣ ਲਈ ਚਲਾਈ ਗਈ ਇਸ ਮੁਹਿੰਮ ਵਿੱਚ ਬੁਲਡੋਜ਼ਰ, ਐਂਬੂਲੈਂਸਾਂ ਅਤੇ 1000 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।
ਪ੍ਰਸ਼ਾਸਨ ਨੇ ਮੁਕੰਮਲ ਯੋਜਨਾ ਦੇ ਤਹਿਤ ਕਾਰਵਾਈ ਕੀਤੀ। ਇਸ ਮੁਹਿੰਮ ਦੀ ਅਗਵਾਈ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਕੀਤੀ ਗਈ। ਕਾਰਵਾਈ ਤੋਂ ਪਹਿਲਾਂ, ਉਨ੍ਹਾਂ ਦੀ ਅਗਵਾਈ ਹੇਠ ਪੁਲਿਸ, ਨਗਰ ਨਿਗਮ, ਇੰਜੀਨੀਅਰਿੰਗ ਅਤੇ ਸਿਹਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਮੁਹਿੰਮ ਦੀਆਂ ਤਿਆਰੀਆਂ, ਸੁਰੱਖਿਆ ਪ੍ਰਬੰਧ ਅਤੇ ਤਕਨੀਕੀ ਪੱਖਾਂ ਦਾ ਸੰਪੂਰਨ ਜਾਇਜ਼ਾ ਲਿਆ ਗਿਆ।
ਵੀਰਵਾਰ ਦੀ ਸਵੇਰ ਸੈਕਟਰ 54 ਦੀ ਫਰਨੀਚਰ ਮਾਰਕੀਟ ’ਚ ਬੁਲਡੋਜ਼ਰ ਲੈ ਕੇ ਟੀਮ ਜਦੋਂ ਮੌਕੇ 'ਤੇ ਪਹੁੰਚੀ, ਤਾਂ ਬਹੁਤ ਸਾਰੇ ਲੋਕ ਪਹਿਲਾਂ ਹੀ ਆਪਣਾ ਸਮਾਨ ਹਟਾ ਚੁੱਕੇ ਸਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਹਿਲਾਂ ਤੋਂ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ, ਕੁਝ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ, ਜਿਨ੍ਹਾਂ 'ਚੋਂ ਕੁਝ ਨੇ ਆਪਣੇ ਆਪ ਨੂੰ ਅੱਗ ਲਗਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਹਸਤਖੇਪ ਕਰਦੇ ਹੋਏ ਸਥਿਤੀ ‘ਤੇ ਕਾਬੂ ਪਾ ਲਿਆ।
ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ 1000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਲਾਕੇ ਦੀ ਘੇਰਾਬੰਦੀ ਕਰਕੇ ਪੱਕੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।