ਫਤਿਹਗੜ੍ਹ ਸਾਹਿਬ, 19 ਜੂਨ – ਜ਼ਿਲ੍ਹੇ ਦੇ ਸਰਹਿੰਦ ਖੇਤਰ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਰੇਲਵੇ ਰੋਡ ਤੋਂ ਰਾਸ਼ਟਰੀ ਰਾਜਮਾਰਗ ਦੀ ਸਰਵਿਸ ਲੇਨ 'ਤੇ ਆਟੋ ਅਤੇ ਟਰੱਕ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਇਕ 8 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਇਆ ਆਟੋ ਬਾਹਰੀ ਰਾਜਾਂ ਤੋਂ ਆਏ ਮਜ਼ਦੂਰਾਂ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ। ਇਹ ਮਜ਼ਦੂਰ ਰੇਲ ਰਾਹੀਂ ਸਰਹਿੰਦ ਜੰਕਸ਼ਨ ਉਤਰ ਕੇ ਆਟੋ ਰਾਹੀਂ ਅੱਗੇ ਸਫਰ ਕਰ ਰਹੇ ਸਨ। ਆਟੋ ਵਿੱਚ ਕੁੱਲ 10 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਜਦ ਆਟੋ ਸਰਵਿਸ ਲੇਨ ਵੱਲ ਮੁੜ ਰਿਹਾ ਸੀ, ਤਦ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਰੱਕ ਆਟੋ ਨਾਲ ਜ਼ਬਰਦਸਤ ਟਕਰਾ ਗਿਆ। ਟੱਕਰ ਕਾਰਨ ਆਟੋ ਉਲਟ ਗਿਆ ਅਤੇ ਸਵਾਰੀਆਂ ਗੰਭੀਰ ਢੰਗ ਨਾਲ ਜ਼ਖਮੀ ਹੋ ਗਈਆਂ।
ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਦੇ ਚਾਲਕ ਮੌਕੇ ਤੋਂ ਭੱਜ ਗਏ। ਹਾਦਸੇ ਦੀ ਆਵਾਜ਼ ਸੁਣਕੇ ਨੇੜਲੇ ਇਲਾਕੇ ਦੇ ਲੋਕ ਅਤੇ ਰਾਹਗੀਰ ਮੌਕੇ 'ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਜ਼ਖਮੀਆਂ ਨੂੰ ਆਟੋ ਤੋਂ ਬਾਹਰ ਕੱਢ ਕੇ ਤੁਰੰਤ ਐਂਬੂਲੈਂਸ ਰਾਹੀਂ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਭੇਜਿਆ। ਹਸਪਤਾਲ 'ਚ ਡਾਕਟਰਾਂ ਨੇ ਇੱਕ 8 ਸਾਲਾ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਐਸਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਜਾਰੀ ਹੈ। ਸਰਹਿੰਦ ਪੁਲਿਸ ਵਲੋਂ ਜ਼ਖਮੀਆਂ ਦੇ ਬਿਆਨ ਦਰਜ ਕਰਦੇ ਹੋਏ ਨੇੜਲੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਫਰਾਰ ਵਾਹਨ ਚਾਲਕਾਂ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।