ਮੋਹਾਲੀ, 19 ਜੂਨ — ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਦੇ ਫੇਜ਼ 11 ਵਿਖੇ ਬੈਸਟੇਕ ਮਾਲ ਵਿੱਚ ਸਥਿਤ ਇੱਕ ਕਲੱਬ 'ਚ ਦੇਰ ਰਾਤ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ ਕਰੀਬ 2 ਵਜੇ ਦੀ ਹੈ ਜਦ ਰਾਜਸਥਾਨ ਤੋਂ ਆਏ 5 ਤੋਂ 6 ਨੌਜਵਾਨ ਕਲੱਬ ਵਿੱਚ ਆਏ ਹੋਏ ਸਨ।
ਕਲੱਬ 'ਚ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਉਥੇ ਮੌਜੂਦ ਇੱਕ ਹੋਰ ਨੌਜਵਾਨ ਨਾਲ ਬਹਿਸ ਹੋ ਗਈ। ਬਹਿਸ ਤੱਕਰਾਅ ਵਿੱਚ ਬਦਲ ਗਈ ਅਤੇ ਜਦੋਂ ਉਹ ਨੌਜਵਾਨ ਕਲੱਬ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਵਿੱਚੋਂ ਕਿਸੇ ਨੇ ਗੰਗਾਨਗਰ ਨਾਲ ਸੰਬੰਧਿਤ ਨੌਜਵਾਨ ਉੱਤੇ ਗੋਲੀ ਚਲਾ ਦਿੱਤੀ।
ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਸੋਹਾਣਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਸਰਜਰੀ ਕੀਤੀ ਗਈ। ਹਾਲੇ ਤੱਕ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੋਹਾਲੀ ਪੁਲਿਸ ਨੇ ਘਟਨਾ ਸਥਲ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਸ਼ੱਕੀ ਨੌਜਵਾਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਫੇਜ਼ 11 ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।