ਚੰਡੀਗੜ੍ਹ, 20 ਜੂਨ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤਾਂ ਦੀ ਸੰਭਾਲ ਅਤੇ ਭਵਿੱਖ ਲਈ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਉੱਚ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ "ਏਕੀਕ੍ਰਿਤ ਰਾਜ ਜਲ ਯੋਜਨਾ" (Integrated State Water Plan) ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ 115 ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਦੇ ਪੱਧਰ ਨੂੰ ਰੋਕਣ ਲਈ ਰਣਨੀਤੀਆਂ ਬਣਾਈਆਂ ਜਾਣਗੀਆਂ।
ਮੀਟਿੰਗ ਵਿੱਚ ਫਸਲੀ ਚੱਕਰ ਵਿੱਚ ਵਿਭਿੰਨਤਾ, ਤੁਪਕਾ ਸਿੰਚਾਈ ਤਰੀਕਿਆਂ ਅਤੇ ਸਤਹੀ ਪਾਣੀ ਦੇ ਪ੍ਰਭਾਵਸ਼ਾਲੀ ਉਪਯੋਗ ’ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਘੱਗਰ ਨਦੀ ਦੇ ਪਾਣੀ ਦੀ ਦੁਬਾਰਾ ਵਰਤੋਂ ਅਤੇ ਟਿਊਬਵੈੱਲ ਮੀਟਰਿੰਗ ਨੂੰ ਤਰਜੀਹ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ, ਸੀਐਸਆਰ ਫੰਡਾਂ ਦੀ ਵਰਤੋਂ ਰਾਹੀਂ ਨਿੱਜੀ ਅਤੇ ਸਰਕਾਰੀ ਭਾਗੀਦਾਰੀ ਨੂੰ ਮਜ਼ਬੂਤ ਕਰਕੇ ਪਾਣੀ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਯੋਜਨਾ ਵੀ ਤਿਆਰ ਕੀਤੀ ਗਈ।
"ਪਾਣੀ ਬਚਾਓ, ਪੈਸੇ ਕਮਾਓ" ਸਕੀਮ ਤਹਿਤ ਕਿਸਾਨਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਨਾ ਵੀ ਸਰਕਾਰ ਦੇ ਏਜੰਡੇ ਵਿੱਚ ਸ਼ਾਮਲ ਹੈ, ਤਾਂ ਜੋ ਪਾਣੀ ਸੰਭਾਲ ਨਾਲ ਆਮਦਨ ਵੀ ਹੋ ਸਕੇ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਇਸ ਉਪਰਾਲੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਕਾਰੀ ਦੱਸਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਜਿਸਦੀ ਸੰਭਾਲ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।