ਲੁਧਿਆਣਾ, 20 ਜੂਨ 2025- ਮਲੌਦ 'ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰ ਅਮਰੀਕ ਸਿੰਘ ਉਰਫ ਰਿੰਕੂ ਦਾ ਘਰ ਢਾਹ ਦਿੱਤਾ ਗਿਆ। ਇਹ ਘਰ ਨਗਰ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਖੰਨਾ ਦੇ ਐਸ.ਪੀ (ਹੈੱਡਕੁਆਰਟਰ) ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਵਿੱਚ ਚਲਾਈ ਗਈ ਇਸ ਕਾਰਵਾਈ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ 'ਤੇ ਮੌਜੂਦ ਰਹੀ। ਨਗਰ ਪੰਚਾਇਤ ਮਲੌਦ ਦੇ ਅਧਿਕਾਰੀ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਲਾਕੇ ਵਿੱਚ ਐਮ.ਸੀ.ਐਕਟ ਦੀ ਉਲੰਘਣਾ ਹੋਣ ਕਾਰਨ 4 ਨੋਟਿਸਾਂ ਦੇ ਬਾਵਜੂਦ ਵੀ ਮਕਾਨ ਨਹੀਂ ਹਟਾਇਆ ਗਿਆ ਸੀ।
ਐਸ.ਪੀ. ਤੇਜਵੀਰ ਸਿੰਘ ਹੁੰਦਲ ਨੇ ਸਪਸ਼ਟ ਕੀਤਾ ਕਿ ਨਸ਼ਿਆਂ ਦੇ ਵਿਰੋਧ ਵਿੱਚ ਸਰਕਾਰ ਦੀ ਨੀਤੀ ਸਖ਼ਤ ਅਤੇ ਜ਼ੀਰੋ ਟੋਲਰੇਂਸ ਵਾਲੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਉੱਤੇ ਐਨ.ਡੀ.ਪੀ.ਐਸ. ਐਕਟ ਤਹਿਤ ਤਿੰਨ ਵੱਖ-ਵੱਖ ਮਾਮਲੇ ਦਰਜ ਹਨ ਅਤੇ ਉਹ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਹੋਇਆ ਸੀ। ਹੁੰਦਲ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਆਪਣੀ ਗਤੀਵਿਧੀ ਨਹੀਂ ਰੋਕਦੇ ਤਾਂ ਉਨ੍ਹਾਂ ਵਿਰੁੱਧ ਵੀ ਅਜਿਹੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਲਾਕਾ ਵਾਸੀਆਂ ਨੇ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਦਮ ਦੀ ਸਰਾਹਣਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਮੁਹਿੰਮ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਸਫਲ ਹੋਵੇਗੀ।