ਮਾਲੇਰਕੋਟਲਾ, 20 ਜੂਨ 2025 – ਮਾਲੇਰਕੋਟਲਾ ਦੇ ਡਾ. ਜਾਕਿਰ ਹੁਸੈਨ ਸਟੇਡੀਅਮ ਵਿੱਚ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੂੰ ਸਵੇਰੇ 6 ਵਜੇ 'ਸੀ.ਐਮ. ਦੀ ਯੋਗਸ਼ਾਲਾ' ਤਹਿਤ ਵਿਸ਼ੇਸ਼ ਸਮਾਗਮ ਰਾਹੀਂ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਸ ਦਿਨ ਲੋਕਾਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮਾਹਰ ਯੋਗ ਟ੍ਰੇਨਰਾਂ ਵੱਲੋਂ ਮਾਰਗਦਰਸ਼ਨ ਦਿੱਤਾ ਜਾਵੇਗਾ, ਜੋ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਬ ਡਵੀਜਨ ਪੱਧਰ 'ਤੇ ਅੰਤਰਰਾਸ਼ਟਰੀ ਯੋਗਾ ਦਿਵਸ ਅਮਰਗੜ੍ਹ ਦੇ ਨਵ ਦੁਰਗਾ ਮੰਦਰ ਨੇੜੇ ਸਿਵਲ ਹਸਪਤਾਲ ਅਤੇ ਅਹਿਮਦਗੜ੍ਹ ਦੇ ਚਪਰ ਪਾਰਕ ਵਿੱਚ ਵੀ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲ ਰਹੀ 'ਸੀ.ਐਮ. ਦੀ ਯੋਗਸ਼ਾਲਾ' ਯੋਜਨਾ ਨੇ ਇਸ ਮਹੀਨੇ ਦੋ ਸਾਲ ਪੂਰੇ ਕਰ ਲਏ ਹਨ, ਜੋ ਸੂਬੇ ਵਿੱਚ ਯੋਗ ਨੂੰ ਲੋਕਪ੍ਰਿਯ ਬਣਾਉਣ ਦੀ ਇੱਕ ਨਿਵੇਕਲੀ ਕੋਸ਼ਿਸ਼ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਯਮਤ ਯੋਗ ਅਭਿਆਸ ਸਰੀਰ ਨੂੰ ਆਰਾਮ ਦਿੰਦਾ, ਤਣਾਅ ਘਟਾਉਂਦਾ ਅਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਇਹ ਨਵੀਂ ਪੀੜ੍ਹੀ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਇੱਕ ਮਜ਼ਬੂਤ ਪਲੇਟਫਾਰਮ ਵਜੋਂ ਕੰਮ ਕਰ ਰਿਹਾ ਹੈ।
ਸਮਾਗਮ ਨੂੰ ਵਿਹੰਗਮ ਢੰਗ ਨਾਲ ਆਯੋਜਿਤ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨੂੰ ਖਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਜਿਵੇਂ ਕਿ ਵਲੰਟੀਅਰਾਂ ਦੀ ਸੁਰੱਖਿਆ, ਪੀਣ ਵਾਲੇ ਪਾਣੀ, ਆਰਜੀ ਪਖਾਨਿਆਂ, ਟ੍ਰੈਫਿਕ ਪ੍ਰਬੰਧ ਅਤੇ ਮੈਡੀਕਲ ਸਹੂਲਤਾਂ ਦਾ ਇੰਤਜ਼ਾਮ। ਉਨ੍ਹਾਂ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ।