ਅੰਮ੍ਰਿਤਸਰ, 28 ਜੂਨ- ਅੱਜਕੱਲ੍ਹ ਨੌਜਵਾਨ ਸੋਸ਼ਲ ਮੀਡੀਆ 'ਤੇ ਚਮਕਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਇੱਕ ਨੌਜਵਾਨ ਨੇ ਗੱਡੀ 'ਤੇ ਖਤਰਨਾਕ ਸਟੰਟ ਕਰਕੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ। ਇਹ ਵੀਡੀਓ ਜਲਦੀ ਹੀ ਵਾਇਰਲ ਹੋ ਗਈ ਅਤੇ ਲੋਕਾਂ ਦੀ ਨਜ਼ਰਾਂ ਵਿੱਚ ਆ ਗਈ।
ਜਿਵੇਂ ਹੀ ਪੁਲਿਸ ਨੂੰ ਵੀਡੀਓ ਬਾਰੇ ਜਾਣਕਾਰੀ ਮਿਲੀ, ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਦੀ ਪਛਾਣ ਕੀਤੀ ਗਈ ਅਤੇ ਉਸ ਦੀ ਗੱਡੀ ਨੂੰ ਟਰੇਸ ਕਰਕੇ ਉਸਦੇ ਘਰ ਛਾਪਾ ਮਾਰਿਆ ਗਿਆ। ਪੁਲਿਸ ਨੇ ਨੌਜਵਾਨ ਨੂੰ ਚਿਤਾਵਨੀ ਦੇਂਦਿਆਂ ਮੋਟਾ ਚਲਾਨ ਜਾਰੀ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ, ਅਜਿਹੀ ਗਤੀਵਿਧੀਆਂ ਨਾ ਸਿਰਫ ਨਿਯਮਾਂ ਦੀ ਉਲੰਘਣਾ ਹਨ ਸਗੋਂ ਹੋਰਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ।
ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਅਜੇਹੀ ਕਿਸੇ ਵੀ ਉਲੰਘਣਾ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਹ ਪਹਿਲਾ ਮਾਮਲਾ ਨਹੀਂ ਹੈ, ਇਨ੍ਹਾਂ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨੌਜਵਾਨਾਂ ਵੱਲੋਂ ਗੱਡੀਆਂ 'ਤੇ ਸਟੰਟ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਵੀ ਸਖ਼ਤ ਕਾਰਵਾਈ ਹੋ ਚੁੱਕੀ ਹੈ।
ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਨੌਜਵਾਨ ਇਸ ਕਾਰਵਾਈ ਤੋਂ ਸਿੱਖ ਲੈਂਦੇ ਹਨ ਜਾਂ ਫਿਰ ਫੇਰ ਕੋਈ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਚਮਕਣ ਦੀ ਚਾਹ ਵਿੱਚ ਕਾਨੂੰਨ ਦੀ ਉਲੰਘਣਾ ਕਰਦਾ ਹੈ।