ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਾਸੀਆਂ ਨੂੰ ਲਗਭਗ 350 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਤੋਹਫ਼ਾ ਪਵਿੱਤਰ ਨਗਰੀ ਪ੍ਰਤੀ ਉਨ੍ਹਾਂ ਦੀ ਭਾਵਨਾਤਮਕ ਸ਼ਰਧਾ ਦਾ ਪ੍ਰਤੀਕ ਹੈ। ਇਨ੍ਹਾਂ ਯੋਜਨਾਵਾਂ ਵਿੱਚ ਸੜਕਾਂ ਦੇ ਨਿਰਮਾਣ, ਅੱਪਗ੍ਰੇਡ ਅਤੇ ਨਵੀਂ ਲਾਇਬ੍ਰੇਰੀਆਂ ਦੀ ਸਥਾਪਨਾ ਸ਼ਾਮਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ 56.36 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਅਤੇ 287.01 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ ਸੜਕਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਹ ਕੰਮ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਹੁਣ ਛੇ ਸਾਲਾਂ ਦੀ ਬਜਾਏ ਪੰਜ ਸਾਲਾਂ ਦੀ ਰੋਜ਼ਾਨਾ ਦੇਖਭਾਲ ਸਮੇਤ ਕਰਵਾਈ ਜਾਵੇਗੀ, ਜੋ ਕਿ ਇੱਕ ਇਤਿਹਾਸਕ ਫੈਸਲਾ ਹੈ।
ਅੰਮ੍ਰਿਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਛੇ ਨਵੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਹੋ ਰਹੀ ਹੈ, ਜਿਨ੍ਹਾਂ 'ਤੇ ਕੁੱਲ 3.20 ਕਰੋੜ ਰੁਪਏ ਦੀ ਲਾਗਤ ਆਈ ਹੈ। ਅੰਮ੍ਰਿਤਸਰ ਪੱਛਮੀ ਹਲਕੇ ਦੀ ਦੋ ਮੌਜੂਦਾ ਲਾਇਬ੍ਰੇਰੀਆਂ - ਛੇਹਰਟਾ ਅਤੇ ਪੁਰਾਣੀ ਡੀ.ਸੀ. ਦਫ਼ਤਰ ਲਾਇਬ੍ਰੇਰੀ - ਦਾ ਨਵੀਨੀਕਰਨ ਕਰਵਾਇਆ ਗਿਆ ਹੈ, ਜੋ ਕਿ ਲਗਭਗ 64 ਲੱਖ ਰੁਪਏ ਦੀ ਲਾਗਤ ਨਾਲ ਹੋਇਆ।
ਇਹ ਆਧੁਨਿਕ ਲਾਇਬ੍ਰੇਰੀਆਂ ਕੰਪਿਊਟਰ, ਇੰਟਰਨੈੱਟ, ਮਿਆਰੀ ਸਾਹਿਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲੋੜੀਂਦੀ ਅਧਿਐਨ ਸਮੱਗਰੀ ਨਾਲ ਲੈਸ ਹਨ। ਮੁੱਖ ਮੰਤਰੀ ਨੇ ਆਸ ਜਤਾਈ ਕਿ ਇਨ੍ਹਾਂ ਲਾਇਬ੍ਰੇਰੀਆਂ ਰਾਹੀਂ ਵਿਦਿਆਰਥੀਆਂ ਵਿੱਚ ਵਿਸ਼ਵ ਪੱਧਰੀ ਗਿਆਨ ਹਾਸਲ ਕਰਨ ਦੀ ਲਾਲਸਾ ਉਤਪੰਨ ਹੋਵੇਗੀ ਅਤੇ ਇਹ ਉਨ੍ਹਾਂ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।