ਅੰਮ੍ਰਿਤਸਰ- ਅੰਮ੍ਰਿਤਸਰ ਦੇ ਥਾਣਾ ਸਦਰ ਦੇ ਬਾਹਰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਰਿਵਾਰਿਕ ਝਗੜੇ ਦੇ ਚਲਦੇ ਇੱਕ ਪਿਓ ਨੇ ਆਪਣੇ ਹੀ ਪੁੱਤ ਨੂੰ ਲਾਈਸੈਂਸ ਵਾਲੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਘਟਨਾ ਥਾਣਾ ਸਦਰ ਤੋਂ ਸਿਰਫ 50 ਮੀਟਰ ਦੀ ਦੂਰੀ 'ਤੇ ਵਾਪਰੀ। ਜਾਣਕਾਰੀ ਅਨੁਸਾਰ, ਦੋਵੇਂ ਧਿਰਾਂ – ਪਿਓ ਅਤੇ ਪੁੱਤ – ਥਾਣਾ ਸਦਰ ਵਿਖੇ ਆਪਣੀ-ਆਪਣੀ ਦਰਖ਼ਾਸਤ ਦੇਣ ਆ ਰਹੇ ਸਨ। ਥਾਣੇ ਦੇ ਬਾਹਰ ਹੀ ਦੋਵਾਂ ਵਿਚਕਾਰ ਗੰਭੀਰ ਝਗੜਾ ਹੋ ਗਿਆ, ਜਿਸ ਦੌਰਾਨ ਪਿਓ ਨੇ ਆਪਣੀ ਲਾਈਸੈਂਸ ਪ੍ਰਾਪਤ ਪਿਸਤੌਲ ਕੱਢ ਕੇ ਪੁੱਤ ਉੱਤੇ ਗੋਲੀ ਚਲਾ ਦਿੱਤੀ।
ਆਰੋਪੀ ਤਰਸੇਮ ਸਿੰਘ, ਜੋ ਕਿ ਸੀਆਰਪੀਐਫ ਵਿੱਚ ਡੀਐਸਪੀ ਰੈਂਕ ਤੋਂ ਰਿਟਾਇਰ ਹੋਇਆ ਸੀ, ਉਸ ਨੇ ਇਹ ਗੋਲੀ ਆਪਣੇ ਪੁੱਤ ਉੱਤੇ ਚਲਾਈ। ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਪਰ ਉਥੇ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਲੰਬੇ ਸਮੇਂ ਤੋਂ ਚੱਲ ਰਹੇ ਪਰਿਵਾਰਕ ਵਿਵਾਦ ਦਾ ਨਤੀਜਾ ਸੀ। ਮੌਕੇ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਰੋਪੀ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।