ਮੋਹਾਲੀ ਦੇ ਅਜੀਤ ਨਗਰ 'ਚ ਇੱਕ ਵਿਅਕਤੀ ਦੀ ਅੱਜ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਘਟਨਾ ਨੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ। ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਗਲੀ ਨੰਬਰ 8 ਵਜੋਂ ਹੋਈ ਹੈ। ਉਸ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਸਵੇਰੇ ਕੰਮ ਤੇ ਚਲੇ ਗਏ ਸਨ। ਜਦੋਂ ਉਹ ਦੁਪਹਿਰ 12:30 ਵਜੇ ਘਰ ਵਾਪਸ ਆਈ, ਤਾਂ ਉਸ ਨੇ ਦੇਖਿਆ ਕਿ ਕ੍ਰਿਸ਼ਨਜੀਤ ਸਿੰਘ ਪੱਖੇ ਨਾਲ ਲਟਕਦਾ ਹੋਇਆ ਮਿਲਿਆ। ਉਸ ਨੇ ਭਰਜਾਈ ਦੀ ਮਦਦ ਨਾਲ ਫਾਹਾ ਕੱਟ ਕੇ ਪਤੀ ਨੂੰ ਹੇਠਾਂ ਉਤਾਰਿਆ ਅਤੇ ਕੌਂਸਲਰ ਨੂੰ ਸੂਚਨਾ ਦਿੱਤੀ।
ਮ੍ਰਿਤਕ ਦੀ ਧੀ ਮਨਪ੍ਰੀਤ ਕੌਰ ਨੇ ਇਸ ਮੌਤ 'ਤੇ ਸਵਾਲ ਖੜੇ ਕਰਦਿਆਂ ਆਪਣੀ ਮਾਂ, ਭਰਾ ਅਤੇ ਮਾਂ ਦੇ ਮਿਤਰ ਉੱਤੇ ਪਿਤਾ ਦੀ ਹੱਤਿਆ ਦੇ ਗੰਭੀਰ ਇਲਜ਼ਾਮ ਲਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਮੌਤ ਬਾਰੇ ਪਰਿਵਾਰ ਵੱਲੋਂ ਨਹੀਂ ਸਗੋਂ ਗਵਾਂਢ ਵੱਲੋਂ ਫੋਨ ਆਇਆ ਸੀ। ਜਦੋਂ ਉਹ ਘਰ ਪਹੁੰਚੀ ਤਾਂ ਪਿਤਾ ਦੀ ਲਾਸ਼ ਮਿਲੀ। ਮਨਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪਹਿਲਾਂ ਵੀ ਪਰਿਵਾਰਿਕ ਤੰਗਪੇਸ਼ੀ ਕਾਰਨ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਦਿਨੀਂ ਉਹ ਮਿਲਣ ਆਏ ਸਨ ਅਤੇ ਕਹਿੰਦੇ ਸਨ ਕਿ "ਮੈਂ ਮਰ ਜਾਣਾ ਹੈ", ਕਿਉਂਕਿ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ।
ਮੁਹੱਲਾ ਨਿਵਾਸੀਆਂ ਨੇ ਵੀ ਮੌਤ ਨੂੰ ਸ਼ੱਕੀ ਦੱਸਿਆ ਅਤੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੂੰ ਇਕ ਵਿਅਕਤੀ ਨਾਲ ਅਕਸਰ ਦੇਖਿਆ ਜਾਂਦਾ ਸੀ ਜੋ ਮੋਟਰਸਾਈਕਲ 'ਤੇ ਆਉਂਦਾ ਸੀ। ਲੋਕਾਂ ਦੇ ਅਨੁਸਾਰ ਕ੍ਰਿਸ਼ਨਜੀਤ ਸਿੰਘ ਨੇ ਉਸ ਵਿਅਕਤੀ ਨੂੰ ਘਰ ਆਉਣ ਤੋਂ ਵੀ ਕਈ ਵਾਰੀ ਰੋਕਿਆ ਸੀ। ਪੜੋਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਅਕਸਰ ਮ੍ਰਿਤਕ ਨਾਲ ਉਲਝਦਾ ਸੀ ਅਤੇ ਇਹ ਘਰ ਵਿਚਲੀਆਂ ਖਟਪਟਾਂ ਦਾ ਨਤੀਜਾ ਹੋ ਸਕਦਾ ਹੈ। ਲੋਕਾਂ ਨੇ ਪੁਲਿਸ ਨੂੰ ਨਿਆਇਕ ਜਾਂਚ ਦੀ ਮੰਗ ਕੀਤੀ ਹੈ।
ਜਦ ਮ੍ਰਿਤਕ ਦੀ ਧੀ, ਭੈਣਾਂ ਅਤੇ ਦੋਹਤਾ ਘਰ ਆਏ ਤਾਂ ਘਰ ਦੇ ਅੰਦਰ ਹੀ ਗੰਭੀਰ ਤਕਰਾਰ ਹੋਈ। ਧੀ ਨੇ ਮਾਂ ਤੇ ਭਰਾ ਉੱਤੇ ਹੱਤਿਆ ਦਾ ਇਲਜ਼ਾਮ ਲਾਇਆ ਜਿਸ ਤੋਂ ਬਾਅਦ ਹੱਥਾਂ-ਪਾਈ ਹੋਈ ਅਤੇ ਦੋਹਾਂ ਪਾਸਿਓਂ ਕੱਪੜੇ ਵੀ ਪਾੜੇ ਗਏ। ਇਹ ਸਾਰੀ ਘਟਨਾ ਘਰ ਦੇ ਬਾਹਰ ਮੌਜੂਦ ਲੋਕਾਂ ਦੀ ਮੌਜੂਦਗੀ ਵਿੱਚ ਹੋਈ ਜੋ ਸਾਰੇ ਮਾਮਲੇ ਨੂੰ ਨਜ਼ਦੀਕ ਤੋਂ ਵੇਖ ਰਹੇ ਸਨ।
ਥਾਣਾ ਸਿਟੀ ਇੰਚਾਰਜ ASI ਕੁਲਦੀਪ ਸਿੰਘ ਨੇ ਪੁਸ਼ਟੀ ਕੀਤੀ ਕਿ ਇਹਨਾਂ ਨੂੰ ਵਾਰਡ ਕੌਂਸਲਰ ਵੱਲੋਂ ਫੋਨ ਰਾਹੀਂ ਘਟਨਾ ਬਾਰੇ ਜਾਣੂ ਕਰਵਾਇਆ ਗਿਆ ਸੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ। ਜਦੋਂ ਮੀਡੀਆ ਨੇ ਪੁਲਿਸ ਇੰਚਾਰਜ ਨਾਲ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਪੱਖ ਤੋਂ ਜਾਂਚ ਕਰਕੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।