ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਆਪਣੇ ਕੈਂਪ ਦਫ਼ਤਰ ਵਿੱਚ ਲੋਕ ਮਿਲਣੀ ਦੌਰਾਨ ਹਲਕੇ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਦੇ ਤੁਰੰਤ ਹੱਲ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਵਿਧਾਇਕ ਨੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਆਪਣੇ ਹਲਕਾ ਵਾਸੀਆਂ ਦੇ ਹੱਕਾਂ ਲਈ ਖੜੇ ਹਨ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ।
ਸੂਬਾ ਸਰਕਾਰ ਵੱਲੋਂ ਕੀਤੀਆਂ ਉਪਲਬਧੀਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਪਰਿਵਾਰ ਨੂੰ ਮੁਫ਼ਤ ਸਿਹਤ ਇਲਾਜ ਦੀ ਸਹੂਲਤ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਰਾਹੀਂ ਮਿਲੇਗੀ, ਜਿਸ ਦੇ ਤਹਿਤ 10 ਲੱਖ ਰੁਪਏ ਤੱਕ ਇਲਾਜ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਖੇਤਰ ਦੀ ਲੋੜ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਨਾਲ ਲੋਕ ਮਹਿੰਗੇ ਇਲਾਜ ਦੇ ਡਰ ਕਾਰਨ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾ ਲੈਂਦੇ ਸਨ।
ਵਿਧਾਇਕ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਇੱਕ ਵੱਡਾ ਪਰਿਵਰਤਨ ਲੈ ਕੇ ਆਈ ਹੈ। ਉਨ੍ਹਾਂ ਅਨੁਸਾਰ, ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਹੁਣ ਜ਼ੀਰੋ ਆ ਰਹੇ ਹਨ, ਜੋ ਕਿ ਆਮ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਦੇ ਰਹੇ ਹਨ।
ਸਿੱਖਿਆ ਖੇਤਰ ਦੀ ਗੱਲ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਗੁਣਵੱਤਾ ਵਿੱਚ ਵਾਧਾ ਹੋਇਆ ਹੈ ਅਤੇ 'ਸਕੂਲ ਆਫ਼ ਐਮੀਨੈਂਸ' ਜਿਹੇ ਪ੍ਰੋਜੈਕਟਾਂ ਨੇ ਲੋਕਾਂ ਦੀ ਸਰਕਾਰੀ ਵਿਦਿਅਕ ਸੰਸਥਾਵਾਂ 'ਤੇ ਵਿਸ਼ਵਾਸ ਵਧਾਇਆ ਹੈ। ਇਸ ਸਾਲ 208 ਵਿਦਿਆਰਥੀਆਂ ਨੇ JEE ਐਡਵਾਂਸ ਪਾਸ ਕੀਤਾ ਅਤੇ 800 ਤੋਂ ਵੱਧ ਵਿਦਿਆਰਥੀਆਂ NEET ਇਮਤਿਹਾਨ ਵਿੱਚ ਕਾਮਯਾਬ ਰਹੇ ਹਨ।
ਸੜਕ ਸੁਰੱਖਿਆ ਫੋਰਸ (SSF) ਦੀ ਉਪਲਬਧੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਫੋਰਸ ਰੋਜ਼ਾਨਾ ਕਈ ਜਿੰਦਗੀਆਂ ਬਚਾ ਰਹੀ ਹੈ। ਐੱਸ.ਐੱਸ.ਐਫ. ਦੇ ਕਾਇਮ ਹੋਣ ਤੋਂ ਬਾਅਦ ਸੜਕ ਹਾਦਸਿਆਂ ਵਿੱਚ 48% ਦੀ ਕਮੀ ਆਈ ਹੈ। 144 ਆਧੁਨਿਕ ਵਾਹਨਾਂ ਨਾਲ ਲੈਸ ਇਹ ਫੋਰਸ ਵਿਸ਼ੇਸ਼ ਤੌਰ 'ਤੇ ਤਾਲੀਮ ਯਾਫਤਾ ਕਰਮਚਾਰੀਆਂ ਨਾਲ ਸੰਚਾਲਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਨਜ਼ਰ ਆਉਂਦੀ ਹੈ। ਇਹ ਪਹਿਲ ਕਈ ਹੋਰ ਰਾਜਾਂ ਲਈ ਮਾਡਲ ਬਣ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਵੀ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ।