ਲੁਧਿਆਣਾ- ਗੁਰਦੁਆਰਾ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਅਚਾਨਕ ਸਦੀਵੀਂ ਵਿਛੋੜੇ ਕਾਰਨ ਸੰਗਤਾਂ 'ਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਬਲਜਿੰਦਰ ਸਿੰਘ ਨੂੰ ਰਾਤ ਕਰੀਬ 2 ਵਜੇ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਹਸਤਪਾਲ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਜਾਂਦਿਆਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਦੇਹਾਂਤ 'ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਅੱਜ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸੁਆਸਾਂ ਦੀ ਪੂੰਜੀ ਨੂੰ ਪੂਰਿਆਂ ਕਰਕੇ ਸੱਚਖੰਡ ਪਿਆਨਾ ਕਰ ਗਏ ਹਨ। ਪਰਮਪੁਰਸ਼ ਬਾਬਾ ਜੀ ਨੇ ਦੇਸ਼ਾਂ ਵਿਦੇਸ਼ਾਂ ਅੰਦਰ ਸੰਗਤ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਮਤਿ ਦੇ ਰਾਹਾਂ ਦੇ ਧਾਰਨੀ ਬਣਾਇਆ । ਉਨ੍ਹਾਂ ਨੇ ਈਸ਼ਰ ਮਾਈਕਰੋ ਮੀਡੀਆ ਤਿਆਰ ਕਰਵਾਕੇ ਪੰਥ ਨੂੰ ਸਪੁਰਦ ਕੀਤਾ, ਜਿਸ ਦਾ ਗੁਰਬਾਣੀ ਤੇ ਇਤਿਹਾਸ ਦੇ ਖੋਜੀਆਂ ਅਤੇ ਆਮ ਸੰਗਤ ਨੂੰ ਬਹੁਤ ਵੱਡਾ ਲਾਹਾ ਮਿਲਿਆ । ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਕਰਕੇ ਉਹ ਹਮੇਸ਼ਾ ਚੇਤਿਆਂ ‘ਚ ਵਸੇ ਰਹਿਣਗੇ।"