Gurdaspur: ਸ਼ਹਿਰ ਦੇ ਇੱਕ ਪ੍ਰਸਿੱਧ ਨਿੱਜੀ ਹਸਪਤਾਲ ਵਿੱਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਇੱਕ 27 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਅੰਦਰ ਹੰਗਾਮਾ ਕਰ ਦਿੱਤਾ। ਹਸਪਤਾਲ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਦਵਿੰਦਰ ਪ੍ਰਕਾਸ਼ ਵੱਡੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਗੁੱਸੇ ‘ਚ ਬੈਠੇ ਪਰਿਵਾਰ ਨੂੰ ਸਮਝਾ ਬੁਝਾ ਕੇ ਸ਼ਾਂਤ ਕਰਵਾਇਆ।
ਪਰਿਵਾਰ, ਜੋ ਕਿ ਪਿੰਡ ਬੇਰੀ ਨਾਲ ਸੰਬੰਧਿਤ ਹੈ, ਦਾ ਕਹਿਣਾ ਹੈ ਕਿ ਅਮਰਜੀਤ ਸਿੰਘ (ਉਮਰ 27 ਸਾਲ) ਦੀ ਸਿਹਤ ਪਹਿਲਾਂ ਹੀ ਕਾਫੀ ਸੁਧਰ ਗਈ ਸੀ ਅਤੇ ਉਹ ਆਮ ਤਰ੍ਹਾਂ ਗੱਲਬਾਤ ਵੀ ਕਰ ਰਿਹਾ ਸੀ। ਪਰ ਜਦੋਂ ਉਨ੍ਹਾਂ ਨੇ ਡਾਕਟਰਾਂ ਤੋਂ ਛੁੱਟੀ ਦੀ ਗੱਲ ਕੀਤੀ, ਤਾਂ ਕੁਝ ਸਮੇਂ ਬਾਅਦ ਹੀ ਉਸਦੀ ਹਾਲਤ ਵਿਗੜ ਗਈ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਨੌਜਵਾਨ ਨੂੰ ਗਲਤ ਇੰਜੈਕਸ਼ਨ ਲਗਾਇਆ ਗਿਆ ਸੀ, ਜਿਸ ਨਾਲ ਹਾਲਾਤ ਬੇਕਾਬੂ ਹੋ ਗਏ ਅਤੇ ਅੰਤ ਵਿੱਚ ਉਸਦੀ ਜਾਨ ਚਲੀ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ, ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਹਸਪਤਾਲ ਪ੍ਰਬੰਧਨ ਵੱਲੋਂ ਪੁਲਿਸ ਨੂੰ ਇਸ ਲਈ ਬੁਲਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਪਰਿਵਾਰ ਗੁੱਸੇ ਵਿੱਚ ਆ ਕੇ ਤੋੜਫੋੜ ਕਰ ਸਕਦਾ ਹੈ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹਨਾਂ ਨੂੰ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਉਹ ਲਿਖਤੀ ਸ਼ਿਕਾਇਤ ਦੇ ਸਕਦੇ ਹਨ, ਜਿਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

