ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਜਪਾ ਨੂੰ ਇੱਕ ਅਹਿਮ ਰਾਜਨੀਤਿਕ ਸੁਝਾਅ ਦਿੱਤਾ ਹੈ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੈਪਟਨ ਨੇ ਖੁੱਲ੍ਹੇ ਤੌਰ ‘ਤੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਜਿੱਤ ਜਾਂ ਸਰਕਾਰ ਬਣਾਉਣ ਦੀ ਸੰਭਾਵਨਾ ਤਦ ਹੀ ਬਣਦੀ ਹੈ ਜੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਕਰੇ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਵੇਲੇ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਤਾਣੇ–ਬਾਣੇ ਬਾਰੇ ਭਾਜਪਾ ਦੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੈ। ਕੈਪਟਨ ਅਮਰਿੰਦਰ ਦੇ ਅਨੁਸਾਰ ਰਾਜ ਵਿੱਚ ਭਾਜਪਾ ਨੂੰ ਆਪਣਾ ਸੰਗਠਨ (cadre) ਮਜ਼ਬੂਤ ਕਰਨ ਲਈ ਹੋਰ ਦੋ ਤੋਂ ਤਿੰਨ ਚੋਣਾਂ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਮੌਜੂਦਾ ਹਾਲਾਤਾਂ ਵਿੱਚ ਅਕਾਲੀ ਦਲ ਨਾਲ ਗਠਜੋੜ ਹੀ ਇੱਕ ਅਜਿਹਾ ਵਿਕਲਪ ਹੈ ਜੋ ਭਾਜਪਾ ਨੂੰ ਸਿੱਧੇ ਤੌਰ ‘ਤੇ ਸੱਤਾ ਦੇ ਦਰਵਾਜ਼ੇ ਤੱਕ ਲੈ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਦਾ ਵੱਖਰੇ ਤੌਰ ‘ਤੇ ਸੱਤਾ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਇਸ ਲਈ ਪਾਰਟੀ ਨੂੰ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਣੀਆਂ ਚਾਹੀਦੀਆਂ ਹਨ, ਕਿਉਂਕਿ ਇਹੀ ਗਠਜੋੜ ਰਾਜ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਫਾਰਮੂਲਾ ਸਾਬਤ ਹੋ ਸਕਦਾ ਹੈ।
ਕੈਪਟਨ ਦੇ ਇਸ ਬਿਆਨ ਨਾਲ ਮੁੜ ਉਹ ਚਰਚਾਵਾਂ ਜ਼ੋਰ ਫੜ ਗਈਆਂ ਹਨ ਕਿ ਕੀ ਭਾਜਪਾ ਅਤੇ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਇਕੱਠੇ ਹੋ ਸਕਦੇ ਹਨ।

