ਫਗਵਾੜਾ ਸ਼ਹਿਰ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਲਾਈਓਵਰ ‘ਤੇ ਜਾ ਰਹੀ ਇੱਕ ਕਾਰ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ। ਕੁਝ ਹੀ ਪਲਾਂ ਵਿੱਚ ਅੱਗ ਇੰਨੀ ਭਿਆਨਕ ਹੋ ਗਈ ਕਿ ਪੂਰੀ ਕਾਰ ਧੂੰ-ਧੂੰ ਕਰਕੇ ਸੜਣ ਲੱਗ ਪਈ, ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਲੋਕਾਂ ਵਿੱਚ ਘਬਰਾਹਟ ਫੈਲ ਗਈ।
ਸੂਚਨਾ ਮਿਲਣ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ਵੱਲ ਦੌੜੀ। ਫਾਇਰ ਅਧਿਕਾਰੀ ਨਿਤਿਨ ਸ਼ਿੰਗਾਰੀ ਨੇ ਦੱਸਿਆ ਕਿ ਉਹਨਾਂ ਨੂੰ ਫਗਵਾੜਾ ਫਲਾਈਓਵਰ ‘ਤੇ ਕਾਰ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਟੀਮ ਨੇ ਫੌਰੀ ਰਵਾਨਗੀ ਕੀਤੀ।
ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ, ਕਾਰ ਵਿੱਚ ਖੰਨ੍ਹਾ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਪਰਿਵਾਰ ਸਵਾਰ ਸੀ। ਫਲਾਈਓਵਰ ‘ਤੇ ਚੜ੍ਹਦਿਆਂ ਹੀ ਕਾਰ ਦੇ ਇੰਜਣ ਵਿਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਥਿਤੀ ਨੂੰ ਸਮਝਦੇ ਹੋਏ ਪਰਿਵਾਰ ਨੇ ਤੁਰੰਤ ਕਾਰ ਰੋਕੀ ਅਤੇ ਖੁਦ ਨੂੰ ਬਾਹਰ ਕੱਢ ਲਿਆ। ਇਹ ਫੁਰਤੀਲਾ ਕਦਮ ਵੱਡੇ ਹਾਦਸੇ ਤੋਂ ਬਚਾਅ ਦਾ ਕਾਰਨ ਬਣਿਆ ਅਤੇ ਸਭ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਉਸ ਤੋਂ ਪਹਿਲਾਂ ਹੀ ਕਾਰ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕੀ ਸੀ। ਹਾਦਸੇ ਦੇ ਸਟੀਕ ਕਾਰਣਾਂ ਬਾਰੇ ਜਾਂਚ ਜਾਰੀ ਹੈ।

