ਪੰਜਾਬ ਵਿੱਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅੱਜ ਇੱਕ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਦੇ ਠੇਕਾ ਕਾਮਿਆਂ ਨੇ ਅੱਜ ਦੁਪਹਿਰ 12 ਵਜੇ ਤੋਂ ਸੂਬੇ ਭਰ ਵਿੱਚ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਹੜਤਾਲ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਦੀਆਂ ਕਥਿਤ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ।
ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਨੇ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਪਾਉਣ ਲਈ ਟੈਂਡਰ ਖੋਲ੍ਹਣ ਦੀ ਸਰਕਾਰ ਅਤੇ ਮੈਨੇਜਮੈਂਟ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਲਿਖਤੀ ਅਤੇ ਜ਼ੁਬਾਨੀ ਰੂਪ ਵਿੱਚ ਇਨ੍ਹਾਂ ਪ੍ਰਾਈਵੇਟ ਬੱਸਾਂ ਕਾਰਨ ਹੋਣ ਵਾਲੇ ਘਾਟੇ ਬਾਰੇ ਦੱਸ ਚੁੱਕੇ ਹਨ ਅਤੇ ਇਨ੍ਹਾਂ ਦੀ ਥਾਂ ਸਰਕਾਰੀ ਬੱਸਾਂ ਪਾਉਣ ਦੀ ਮੰਗ ਕਰ ਚੁੱਕੇ ਹਨ।
ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ:
ਕਿਲੋਮੀਟਰ ਸਕੀਮ ਬੱਸਾਂ ਬੰਦ ਕਰਵਾਉਣਾ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ।
ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢਣਾ।
ਸਰਵਿਸ ਰੂਲ ਲਾਗੂ ਕਰਵਾਉਣਾ।
ਮੀਟਿੰਗ ਬੇਸਿੱਟਾ, ਅੱਗੇ ਦਾ ਪ੍ਰੋਗਰਾਮ
ਬੁੱਧਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਪ੍ਰੰਤੂ, ਆਗੂਆਂ ਮੁਤਾਬਕ ਮੀਟਿੰਗ ਵਿੱਚ ਸਿਰਫ਼ ਮੰਗਾਂ 'ਤੇ ਵਿਚਾਰ-ਚਰਚਾ ਹੋ ਸਕੀ ਅਤੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਕੋਈ ਮੰਗ ਪੂਰੀ ਨਹੀਂ ਕੀਤੀ ਗਈ।
ਹੜਤਾਲ ਦੌਰਾਨ ਅੱਜ ਦੁਪਹਿਰ 2 ਵਜੇ ਚੇਅਰਮੈਨ ਅਤੇ ਐਮ.ਡੀ. ਪੀਆਰਟੀਸੀ ਦੀ ਰਿਹਾਇਸ਼ ਅਤੇ ਹੈੱਡ ਆਫ਼ਿਸ ਅੱਗੇ ਵੀ ਧਰਨਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਯੂਨੀਅਨ ਨੇ 18-11-2025 ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ 'ਤੇ ਪੱਕਾ ਧਰਨਾ ਲਗਾਉਣ ਦਾ ਵੀ ਐਲਾਨ ਕੀਤਾ ਹੈ। ਆਗੂਆਂ ਨੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਧਰਨੇ ਦੀ ਤਿਆਰੀ ਪੱਕੇ ਧਰਨੇ ਦੇ ਰੂਪ ਵਿੱਚ ਕੀਤੀ ਜਾਵੇ ਅਤੇ ਮੰਗਾਂ ਮਨਵਾਏ ਬਿਨਾਂ ਵਾਪਸ ਨਾ ਮੁੜਿਆ ਜਾਵੇ।
ਡਿਪੂ ਕਮੇਟੀਆਂ ਨੂੰ ਅੱਜ ਅਤੇ ਕੱਲ੍ਹ ਆਪਣੇ ਡਿਪੂਆਂ ਵਿੱਚ ਹਾਜ਼ਰ ਰਹਿ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

