ਮੁਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਇੱਕ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਚੰਡੀਗੜ੍ਹ ਤੋਂ ਪਟਿਆਲਾ ਵੱਲ ਜਾ ਰਹੀ ਪੀਆਰਟੀਸੀ ਬੱਸ ਦੀ ਟੱਕਰ ਨਾਲ ਇੱਕ ਬਜ਼ੁਰਗ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਭਿਆਨਕ ਘਟਨਾ ਜ਼ੀਰਕਪੁਰ–ਪਟਿਆਲਾ ਮੇਨ ਰੋਡ 'ਤੇ ਸਥਿਤ ਲੱਕੀ ਢਾਬਾ ਨੇੜੇ ਘਟੀ, ਜਿੱਥੇ ਮਹਿਲਾ ਸੜਕ ਪਾਰ ਕਰ ਰਹੀ ਸੀ।
ਚਸ਼ਮਦੀਦਾਂ ਦਾ ਦੱਸਣਾ ਹੈ ਕਿ ਬੱਸ ਡਰਾਈਵਰ ਬਹੁਤ ਹੀ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਮਹਿਲਾ ਸੜਕ ਦੇ ਵਿਚਕਾਰ ਪਹੁੰਚੀ ਹੀ ਸੀ ਕਿ ਡਰਾਈਵਰ ਨੇ ਨਾ ਕੇਵਲ ਗੱਡੀ ਨਹੀਂ ਰੋਕੀ, ਬਲਕਿ ਬੱਸ ਸਿੱਧੀ ਉਸ 'ਤੇ ਚੜ੍ਹਾ ਦਿੱਤੀ। ਹੋਰ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਮਹਿਲਾ ਦੇ ਬੱਸ ਹੇਠਾਂ ਫਸ ਜਾਣ ਦੇ ਬਾਵਜੂਦ, ਚਾਲਕ ਨੇ ਬੱਸ ਨੂੰ ਅੱਗੇ–ਪਿੱਛੇ ਕੀਤਾ, ਜਿਸ ਨਾਲ ਮਹਿਲਾ ਦੀ ਲਾਸ਼ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
ਇਸ ਹਾਦਸੇ ਨੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ। ਗੰਭੀਰ ਹਾਦਸੇ ਨੂੰ ਦੇਖ ਕੇ ਲੋਕ ਮੌਕੇ 'ਤੇ ਇਕੱਠੇ ਹੋਏ ਅਤੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਡਰਾਈਵਰ ਹਾਦਸੇ ਤੋਂ ਬਾਅਦ ਤੁਰੰਤ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਹਿਲਾ ਦੇ ਚਕਨਾਚੂਰ ਹੋ ਚੁੱਕੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜਿਆ। ਪੁਲਿਸ ਨੇ ਬੱਸ ਨੂੰ ਕਾਬੂ ਕਰਕੇ ਜ਼ਬਤ ਕਰ ਲਿਆ ਹੈ ਅਤੇ ਫਰਾਰ ਡਰਾਈਵਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਕਤਲ ਸਮਾਨ ਲਾਪਰਵਾਹੀ ਦੇ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਜਲਦੀ ਕਾਨੂੰਨ ਦੇ ਕੱਟਹਿਰੇ ਵਿੱਚ ਲਿਆ ਜਾਵੇਗਾ।

