ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਸ਼ਾਸਨਿਕ ਕਾਰਜਾਂ ਵਿੱਚ ਪੰਜਾਬੀ ਭਾਸ਼ਾ ਦੇ ਵਰਤੋਂ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਮਹੱਤਵਪੂਰਣ ਫ਼ੈਸਲਾ ਲਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਹਰ ਕਿਸਮ ਦੇ ਦਸਤਾਵੇਜ਼, ਨੋਟਿੰਗ, ਫਾਈਲਾਂ ਅਤੇ ਸਰਕਾਰੀ ਕਾਗਜ਼ਾਤ 'ਤੇ ਪੰਜਾਬੀ ਵਿੱਚ ਹੀ ਦਸਤਖ਼ਤ ਕਰਨ। ਇਹ ਕਦਮ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਸਰਕਾਰੀ ਪੱਧਰ 'ਤੇ ਇਸਦੀ ਲਾਜ਼ਮੀ ਵਰਤੋਂ ਨੂੰ ਯਕੀਨੀ ਬਣਾਉਣ ਵੱਲ ਇੱਕ ਵੱਡੀ ਪੇਸ਼ਕਦਮੀ ਵਜੋਂ ਦੇਖਿਆ ਜਾ ਰਿਹਾ ਹੈ।
ਵਾਈਸ ਚਾਂਸਲਰ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ, ਉਨ੍ਹਾਂ ਨੇ ਉਮੀਦ ਜਤਾਈ ਕਿ ਯੂਨੀਵਰਸਿਟੀ ਦੇ ਸਭ ਵਿਭਾਗ ਇਸ ਫ਼ੈਸਲੇ ਦੀ ਇੰਨ-ਬਿੰਨ ਪਾਲਣਾ ਕਰਨਗੇ ਅਤੇ ਪੰਜਾਬੀ ਦੀ ਮਾਣ-ਮਰਯਾਦਾ ਨੂੰ ਬਣਾਕੇ ਰੱਖਣ ਵਿੱਚ ਯੋਗਦਾਨ ਪਾਉਣਗੇ।

