ਭਾਰਤੀ ਰੇਲਵੇ ਨੇ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਲੂਆਂ ਦੀ ਸਹੂਲਤ ਲਈ ਦੋ ਵਿਸ਼ੇਸ਼ ਰੇਲ ਸੇਵਾਵਾਂ ਚਲਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੀ ਬੇਮਿਸਾਲ ਕੁਰਬਾਨੀ ਨੂੰ ਨਮਨ ਕਰਦਿਆਂ ਰੇਲਵੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਆਰਾਮਦਾਇਕ, ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕੀਤੀ ਜਾਵੇ। ਇਸ ਪਵਿੱਤਰ ਸਮੇਂ ਦੌਰਾਨ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਸੰਭਾਵਿਤ ਵਾਧੂ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਖਾਸ ਪ੍ਰਬੰਧ ਕੀਤੇ ਗਏ ਹਨ।
ਇਹ ਸੇਵਾਵਾਂ 22 ਨਵੰਬਰ 2025 ਤੋਂ ਚਲਣਗੀਆਂ, ਜਿਨ੍ਹਾਂ ਵਿੱਚ ਇੱਕ ਵਿਸ਼ੇਸ਼ ਰੇਲਗੱਡੀ ਪਟਨਾ ਸਾਹਿਬ ਤੋਂ ਅਤੇ ਦੂਜੀ ਪੁਰਾਣੀ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਲਈ ਚੱਲੇਗੀ। ਪਟਨਾ ਸਾਹਿਬ ਵਿਸ਼ੇਸ਼ ਰੇਲ 23 ਨਵੰਬਰ ਨੂੰ ਸਵੇਰੇ 06:40 ਵਜੇ ਰਵਾਨਾ ਹੋ ਕੇ ਅਗਲੇ ਦਿਨ 04:15 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ, ਜਦਕਿ 25 ਨਵੰਬਰ ਨੂੰ ਇਸ ਦੀ ਵਾਪਸੀ ਰਾਤ 21:00 ਵਜੇ ਹੋਵੇਗੀ। ਇਸ ਰੇਲ ਦੀ ਲਖਨਊ, ਮੁਰਾਦਾਬਾਦ ਅਤੇ ਅੰਬਾਲਾ ਵਿਖੇ ਰੁਕਾਵਟ ਹੋਵੇਗੀ। ਦੂਜੇ ਪਾਸੇ, ਪੁਰਾਣੀ ਦਿੱਲੀ ਤੋਂ ਏਸੀ ਵਿਸ਼ੇਸ਼ ਰੇਲ 22 ਤੋਂ 25 ਨਵੰਬਰ ਤੱਕ ਹਰ ਰੋਜ਼ ਸਵੇਰੇ 07:00 ਵਜੇ ਰਵਾਨਾ ਹੋ ਕੇ ਦਪਹਿਰ 13:45 ਵਜੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ, ਜਦਕਿ ਵਾਪਸੀ ਸੇਵਾ ਰੋਜ਼ਾਨਾ 20:30 ਵਜੇ ਸ਼ੁਰੂ ਹੋ ਕੇ ਰਾਤ 03:15 ਵਜੇ ਦਿੱਲੀ ਪਹੁੰਚੇਗੀ। ਇਹ ਸੇਵਾ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਅਤੇ ਨਿਊ ਮੋਰਿੰਡਾ ’ਤੇ ਰੁਕੇਗੀ।
ਮੰਤਰੀ ਬਿੱਟੂ ਨੇ ਕਿਹਾ ਕਿ ਇਹ ਰੇਲ ਸੇਵਾਵਾਂ ਭਾਰਤੀ ਰੇਲਵੇ ਦੀ ਉਸ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹਨ, ਜਿਸ ਅਧੀਨ ਉਹ ਮਹੱਤਵਪੂਰਨ ਧਾਰਮਿਕ ਮੌਕਿਆਂ ’ਤੇ ਸ਼ਰਧਾਲੂਆਂ ਲਈ ਭਰੋਸੇਮੰਦ ਅਤੇ ਪਹੁੰਚਯੋਗ ਆਵਾਜਾਈ ਦੇ ਵਿਕਲਪ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਸੁਚਾਰੂ ਯਾਤਰਾ ਅਨੁਭਵ ਲਈ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਦੀ ਵਰਤੋਂ ਕਰਨ ਅਤੇ ਆਪਣੇ ਸਫ਼ਰ ਦੀ ਯੋਜਨਾ ਪਹਿਲਾਂ ਹੀ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਵੱਧ ਰਹੀ ਤੀਰਥ ਯਾਤਰਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ।

