ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿੱਚ ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਕਾਰਨ ਇੱਕ ਕਿਸਾਨ ਪਰਿਵਾਰ ਦੀ ਜ਼ਿੰਦਗੀ ਉਲਟ-ਪੁਲਟ ਹੋ ਗਈ। ਸਾਲ 2017 ਵਿੱਚ ਲਗਭਗ 70 ਤੋਂ 75 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਆਲੀਸ਼ਾਨ ਕੋਠੀ, ਕੁਝ ਸਾਲਾਂ ਬਾਅਦ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰਾਜੈਕਟ ਦੀ ਜ਼ਦ ਵਿੱਚ ਆ ਗਈ। ਕੋਠੀ ਦਾ ਕਰੀਬ 100 ਤੋਂ 150 ਫੁੱਟ ਹਿੱਸਾ ਹਾਈਵੇਅ ਦੀ ਹੱਦ ਵਿੱਚ ਆਉਣ ਕਾਰਨ ਇਸਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ।
ਕੋਠੀ ਦੇ ਮਾਲਕ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ 2021 ਵਿੱਚ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ, ਜਿਸ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਆ ਗਿਆ। ਪਰਿਵਾਰ ਨੇ ਘਰ ਬਚਾਉਣ ਲਈ ਪ੍ਰਸ਼ਾਸਨ ਕੋਲ ਕਈ ਵਾਰ ਅਰਜ਼ੀਆਂ ਦਿੱਤੀਆਂ, ਪ੍ਰਦਰਸ਼ਨ ਕੀਤੇ ਅਤੇ ਇੱਥੋਂ ਤੱਕ ਕਿ ਹਾਈ ਵੋਲਟੇਜ ਬਿਜਲੀ ਟਾਵਰ ’ਤੇ ਚੜ੍ਹ ਕੇ ਵੀ ਵਿਰੋਧ ਕੀਤਾ। ਇਸ ਕਾਰਨ ਹਾਈਵੇਅ ਦਾ ਕੰਮ ਕਾਫ਼ੀ ਸਮੇਂ ਤੱਕ ਰੁਕਿਆ ਰਿਹਾ।
ਸਰਕਾਰ ਵੱਲੋਂ ਘਰ ਲਈ ਕੇਵਲ 60 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ, ਜੋ ਅਸਲ ਕੀਮਤ ਨਾਲੋਂ ਘੱਟ ਸੀ। ਘਰ ਤੋੜਨਾ ਪਰਿਵਾਰ ਲਈ ਜਜ਼ਬਾਤੀ ਤੌਰ ’ਤੇ ਅਸੰਭਵ ਸੀ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਘਰਾਂ ਨੂੰ ਜੈਕਾਂ ਦੀ ਮਦਦ ਨਾਲ ਖਿਸਕਾਉਣ ਦੀਆਂ ਵੀਡੀਓਜ਼ ਦੇਖ ਕੇ ਸੁਖਪ੍ਰੀਤ ਸਿੰਘ ਨੇ ਕੋਠੀ ਨੂੰ ਢਾਹੁਣ ਦੀ ਥਾਂ ਸ਼ਿਫਟ ਕਰਨ ਦਾ ਫੈਸਲਾ ਕੀਤਾ।
ਪਰਿਵਾਰ ਨੇ ਮਾਹਿਰ ਟੀਮ ਨਾਲ ਸੰਪਰਕ ਕਰਕੇ ਘਰ ਨੂੰ ਹਾਈਵੇਅ ਤੋਂ ਲਗਭਗ 300 ਫੁੱਟ ਦੂਰ ਖਿਸਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਕੋਠੀ ਦਾ ਕਰੀਬ 115 ਫੁੱਟ ਹਿੱਸਾ ਸੁਰੱਖਿਅਤ ਤਰੀਕੇ ਨਾਲ ਇਕ ਪਾਸੇ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਕੰਮ ਜਾਰੀ ਹੈ। ਇਹ ਸਾਰਾ ਕੰਮ ਤਕਰੀਬਨ ਤਿੰਨ ਮਹੀਨਿਆਂ ਵਿੱਚ ਪੂਰਾ ਹੋਵੇਗਾ ਅਤੇ ਸਿਰਫ਼ ਮਜ਼ਦੂਰੀ ’ਤੇ ਹੀ 10 ਲੱਖ ਤੋਂ ਵੱਧ ਰੁਪਏ ਦਾ ਖਰਚ ਆ ਰਿਹਾ ਹੈ।
ਇਸ ਸਮੇਂ ਪਰਿਵਾਰ ਆਪਣਾ ਘਰ ਛੱਡ ਕੇ ਤੰਬੂ ਵਿੱਚ ਰਹਿਣ ਲਈ ਮਜਬੂਰ ਹੈ। ਘਰ ਦੇ ਬਜ਼ੁਰਗ ਮੱਖਣ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਨੇ ਇਹ ਘਰ ਆਪਣੇ ਸੁਪਨਿਆਂ ਨਾਲ ਬਣਾਇਆ ਸੀ ਅਤੇ ਇਸਨੂੰ ਹਾਈਵੇਅ ਲਈ ਖੋਹੇ ਜਾਂਦੇ ਦੇਖਣਾ ਬਹੁਤ ਦਰਦਨਾਕ ਹੈ। ਹਾਲਾਂਕਿ, ਘਰ ਨੂੰ ਬਚਾਉਣ ਵਿੱਚ ਕਾਮਯਾਬ ਹੋਣ ਦੀ ਆਸ ਨਾਲ ਪਰਿਵਾਰ ਨੂੰ ਹੁਣ ਕੁਝ ਰਾਹਤ ਮਹਿਸੂਸ ਹੋ ਰਹੀ ਹੈ।A

