ਪੰਜਾਬ ਵਿੱਚ ਪਾਬੰਦੀ ਦੇ ਬਾਵਜੂਦ ਵਿਕ ਰਹੀ ਖੂਨੀ ਚਾਈਨਾ ਡੋਰ ਮਾਸੂਮ ਜਾਨਾਂ ਲਈ ਕਾਲ ਬਣੀ ਹੋਈ ਹੈ। ਅਜੇ ਸਮਰਾਲਾ ਦੇ 15 ਸਾਲਾ ਕਿਸ਼ੋਰ ਦੀ ਮੌਤ ਦਾ ਸੋਗ ਮੱਠਾ ਨਹੀਂ ਸੀ ਪਿਆ ਕਿ ਬੀਤੀ ਸ਼ਾਮ ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲਾਂ ਦੀ ਰਹਿਣ ਵਾਲੀ ਸਰਬਜੀਤ ਕੌਰ ਇਸ ਘਾਤਕ ਡੋਰ ਦੀ ਭੇਟ ਚੜ੍ਹ ਗਈ। ਵਿਆਹ ਦੀਆਂ ਖੁਸ਼ੀਆਂ ਵਾਲੇ ਘਰ ਵਿੱਚ ਹੁਣ ਮਾਤਮ ਪਸਰ ਗਿਆ ਹੈ।
ਖਰੀਦਦਾਰੀ ਲਈ ਨਿਕਲੀ ਸੀ, ਰਸਤੇ 'ਚ ਮਿਲੀ ਮੌਤ
ਜਾਣਕਾਰੀ ਅਨੁਸਾਰ ਸਰਬਜੀਤ ਕੌਰ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਮੁੱਲਾਂਪੁਰ ਬਾਜ਼ਾਰ ਵਿੱਚ ਵਿਆਹ ਦੀ ਖਰੀਦਦਾਰੀ ਕਰਨ ਜਾ ਰਹੀ ਸੀ। ਜਿਉਂ ਹੀ ਉਹ ਰਾਏਕੋਟ ਰੋਡ 'ਤੇ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੀ, ਤਾਂ ਹਵਾ ਵਿੱਚ ਲਟਕ ਰਹੀ ਚਾਈਨਾ ਡੋਰ ਉਸ ਦੇ ਗਲੇ ਵਿੱਚ ਬੁਰੀ ਤਰ੍ਹਾਂ ਫਸ ਗਈ। ਡੋਰ ਇੰਨੀ ਤੇਜ਼ ਸੀ ਕਿ ਉਸ ਦਾ ਗਲਾ ਡੂੰਘਾ ਕੱਟਿਆ ਗਿਆ ਅਤੇ ਉਹ ਖੂਨ ਨਾਲ ਲੱਥਪੱਥ ਹੋ ਕੇ ਸੜਕ 'ਤੇ ਡਿੱਗ ਪਈ।
ਰਾਹਗੀਰਾਂ ਨੇ ਕੀਤੀ ਮਦਦ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਟੁੱਟੇ ਸਾਹ
ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਸਰਬਜੀਤ ਨੂੰ ਆਪਣੀ ਗੱਡੀ ਵਿੱਚ ਪਾ ਕੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਜ਼ਖ਼ਮ ਇੰਨਾ ਗੰਭੀਰ ਸੀ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕਾ ਦੇ ਪਤੀ ਮਨਦੀਪ ਸਿੰਘ ਦੀ ਹਾਲਤ ਦੇਖੀ ਨਹੀਂ ਜਾ ਰਹੀ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮਾਮੂਲੀ ਡੋਰ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦੇਵੇਗੀ। ਸਰਬਜੀਤ ਦੀ ਮੌਤ ਨਾਲ ਨਾ ਸਿਰਫ਼ ਪਤੀ ਇੱਕਲਾ ਰਹਿ ਗਿਆ ਹੈ, ਸਗੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਸਦਾ ਲਈ ਉੱਠ ਗਿਆ ਹੈ।
ਲਗਾਤਾਰ ਵਾਪਰ ਰਹੇ ਹਨ ਹਾਦਸੇ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਮਰਾਲਾ ਦੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਵੀ ਇਸੇ ਖੂਨੀ ਡੋਰ ਕਾਰਨ ਜਾਨ ਚਲੀ ਗਈ ਸੀ। ਪ੍ਰਸ਼ਾਸਨਿਕ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ, ਸ਼ਰੇਆਮ ਵਿਕ ਰਹੀ ਇਹ ਡੋਰ ਪੰਜਾਬੀਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੀ ਹੈ। ਪਿੰਡ ਅਕਾਲਗੜ੍ਹ ਕਲਾਂ ਦੇ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਕਾਤਿਲ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

