
ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਸੰਗਤਾਂ ਦੀ ਸੁਵਿਧਾ ਅਤੇ ਸੇਵਾਦਾਰਾਂ ਦੀ ਪਛਾਣ ਨੂੰ ਹੋਰ ਸਪਸ਼ਟ ਬਣਾਉਣ ਦੇ ਉਦੇਸ਼ ਨਾਲ ਸੇਵਾਦਾਰਾਂ ਦੀ ਵਰਦੀ ਵਿੱਚ ਬਦਲਾਅ ਕੀਤਾ ਗਿਆ ਹੈ।
ਨਵੀਂ ਯੋਜਨਾ ਤਹਿਤ ਹੁਣ ਸ੍ਰੀ ਦਰਬਾਰ ਸਾਹਿਬ ਵਿੱਚ ਤੈਨਾਤ ਸੇਵਾਦਾਰ ਦੋ ਰੰਗਾਂ—ਪੀਲ਼ੇ ਅਤੇ ਗੂੜ੍ਹੇ ਨੀਲੇ—ਦੀ ਵਰਦੀ ਵਿੱਚ ਨਜ਼ਰ ਆਉਣਗੇ। ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ-ਵਾਰੀ ਇਹ ਵਰਦੀਆਂ ਪਹਿਨਣਗੇ। ਵਰਦੀ ਦੇ ਨਾਲ ਦਸਤਾਰਾਂ ਦੇ ਰੰਗਾਂ ਨੂੰ ਵੀ ਇਕ ਦੂਜੇ ਦੇ ਉਲਟ ਤਿਆਰ ਕੀਤਾ ਗਿਆ ਹੈ, ਤਾਂ ਜੋ ਦਿਖ ਹੋਰ ਆਕਰਸ਼ਕ ਬਣੇ। ਜੇ ਵਰਦੀ ਪੀਲ਼ੀ ਹੋਵੇਗੀ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੀ ਪਹਿਨੀ ਜਾਵੇਗੀ।
SGPC ਵੱਲੋਂ ਜ਼ਿਆਦਾਤਰ ਸੇਵਾਦਾਰਾਂ ਨੂੰ ਇਹ ਨਵੀਆਂ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀਆਂ ਨੂੰ ਵੀ ਜਲਦੀ ਵਰਦੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ, ਜੋ ਸਿੱਖੀ ਦੀ ਸ਼ਾਨ ਅਤੇ ਪਛਾਣ ਨੂੰ ਦਰਸਾਉਂਦੀ ਹੈ। ਛਾਤੀ ਉੱਤੇ ਸਾਫ਼ ਸ਼ਬਦਾਂ ਵਿੱਚ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਇਸਦੇ ਨਾਲ ਹੀ ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ।
ਇਸ ਤੋਂ ਇਲਾਵਾ, ਸੇਵਾਦਾਰਾਂ ਨੂੰ ਕਮਰਕੱਸੇ ਵਜੋਂ ਵਿਸ਼ੇਸ਼ ਕੱਪੜੇ ਦੀਆਂ ਬੈਲਟਾਂ ਅਤੇ ਦਸਤਾਰਾਂ ਨੂੰ ਸਜਾਉਣ ਲਈ ਖੰਡੇ ਵੀ ਦਿੱਤੇ ਜਾ ਰਹੇ ਹਨ। ਇਸ ਨਵੀਂ ਵਰਦੀ ਨਾਲ ਸੇਵਾਦਾਰਾਂ ਦੀ ਦਿੱਖ ਹੋਰ ਵੀ ਦਾਰਸ਼ਨਿਕ, ਅਨੁਸ਼ਾਸ਼ਿਤ ਅਤੇ ਪ੍ਰਭਾਵਸ਼ਾਲੀ ਬਣੇਗੀ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਵਰਦੀ ਵਿੱਚ ਇਹ ਤਬਦੀਲੀ ਪੂਰੀ ਸੋਚ-ਵਿਚਾਰ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਵਰਦੀ ਨਾਲ ਸੇਵਾਦਾਰਾਂ ਦੀ ਪਛਾਣ ਸੰਗਤਾਂ ਲਈ ਹੋਰ ਆਸਾਨ ਹੋਵੇਗੀ, ਉਨ੍ਹਾਂ ਦੀ ਸ਼ਾਨ ਅਤੇ ਸਤਿਕਾਰ ਵਿੱਚ ਵਾਧਾ ਹੋਵੇਗਾ ਅਤੇ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਮੁੱਖ ਮਕਸਦ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
