ਰੋਜ਼ੀ-ਰੋਟੀ ਦੀ ਭਾਲ ‘ਚ ਕੈਨੇਡਾ ਗਏ ਮੋਗਾ ਦੇ ਨੌਜਵਾਨ ਦੀ ਭੇਦਭਰੇ ਹਾਲਤਾਂ ‘ਚ ਮੌਤ
-ਇਲਾਕੇ ਚ ਫੈਲਿਆ ਸੋਗ, ਮਾਂ ਦਾ ਰੋ-ਰੋ ਕੇ ਬੁਰਾ ਹਾਲ
ਚੰਡੀਗੜ੍ਹ, 31 ਜੁਲਾਈ 2026 (ਵਿਸ਼ਵ ਵਾਰਤਾ): ਰੋਜ਼ੀ-ਰੋਟੀ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਇੱਕ ਨੌਜਵਾਨ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋਣ ਦਾ ਅਤਿਅੰਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ ਮਹਿਕਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕੁਝ ਸਮਾਂ ਪਹਿਲਾਂ ਹੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਰੀ (ਕੈਨੇਡਾ) ਗਿਆ ਸੀ। ਇਕਲੌਤੇ ਪੁੱਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਬਿਲਾਸਪੁਰ ਸਮੇਤ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।
ਮਹਿਕਪ੍ਰੀਤ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਉਸ ਦੇ ਪਿਤਾ ਦਾ ਦਿਹਾਂਤ ਪਹਿਲਾਂ ਹੀ ਹੋ ਚੁੱਕਾ ਸੀ। ਪਿਤਾ ਦੇ ਚਲੇ ਜਾਣ ਤੋਂ ਬਾਅਦ ਮਾਂ ਨੇ ਬੇਹੱਦ ਤੰਗਹਾਲੀ, ਮੁਸ਼ਕਲਾਂ ਅਤੇ ਭਾਰੀ ਕਰਜ਼ੇ ਦਾ ਬੋਝ ਆਪਣੇ ਸਿਰ ਚੁੱਕ ਕੇ ਪੁੱਤ ਨੂੰ ਇਸ ਉਮੀਦ ਨਾਲ ਕੈਨੇਡਾ ਭੇਜਿਆ ਸੀ ਕਿ ਉਹ ਪੜ੍ਹਾਈ ਪੂਰੀ ਕਰ ਕੇ ਪਰਿਵਾਰ ਦਾ ਸਹਾਰਾ ਬਣੇਗਾ। ਪਰ ਵਿਦੇਸ਼ ਪਹੁੰਚਦਿਆਂ ਹੀ ਮਹਿਕਪ੍ਰੀਤ ਦੀ ਸ਼ੱਕੀ ਹਾਲਤ ਵਿੱਚ ਜਾਨ ਚਲੀ ਗਈ।
ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਮਹਿਕਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੈਨੇਡਾ ਤੋਂ ਭਾਰਤ ਲਿਆਉਣ ਵਿੱਚ ਹਰ ਸੰਭਵ ਪ੍ਰਸ਼ਾਸਨਿਕ ਅਤੇ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।

