ਲੁਧਿਆਣਾ (ਸੰਦੀਪ ਚੱਢਾ) : ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਸਲੇਮ ਟਾਬਰੀ ਬਾਜ਼ਾਰ 'ਚ ਸਰਵਿਸ ਲਾਈਨ 'ਤੇ ਬੀਤੀ ਰਾਤ ਕਰੀਬ 12 ਵਜੇ ਇਕ ਤੇਜ਼ ਰਫਤਾਰ ਕਾਰ ਚਲਾ ਰਹੇ ਪੁਲਸ ਮੁਲਾਜ਼ਮ ਨੇ ਪੀ.ਸੀ.ਆਰ. ਮੋਟਰਸਾਈਕਲ ਸਵਾਰ ਦੋ ਮੁਲਾਜ਼ਮਾਂ ਦੀ ਟੱਕਰ ਹੋ ਗਈ। ਇਸ ਕਾਰਨ ਪੀ.ਸੀ.ਆਰ ਮੁਲਾਜ਼ਮ ਥਾਣੇਦਾਰ ਸਤਨਾਮ ਸਿੰਘ ਅਤੇ ਹੌਲਦਾਰ ਅਰਸ਼ਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਜੈਦੀਪ ਜਾਖੜ ਨੇ ਦੱਸਿਆ ਕਿ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਅਰਸ਼ਦੀਪ ਸਿੰਘ ਹੌਲਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਚਾਲਕ ਵੀ ਲੁਧਿਆਣਾ ਦੇ ਇਕ ਥਾਣੇ 'ਚ ਡਿਊਟੀ 'ਤੇ ਤਾਇਨਾਤ ਹੈ।