ਲੁਧਿਆਣਾ : ਸ਼ੇਰਪੁਰ ਖੁਰਦ 'ਚ ਗੱਤੇ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਜਿੱਥੇ ਮਸ਼ੀਨਰੀ ਤੇ ਸਾਮਾਨ ਆਦਿ ਸੜ ਕੇ ਸੁਆਹ ਹੋ ਗਿਆ, ਉਥੇ ਹੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ। ਸਵੇਰੇ ਫੈਕਟਰੀ ਦੇ ਨਾਲ ਵਾਲੀ ਗਲੀ 'ਚ ਲੋਕਾਂ ਨੇ ਅੱਗ ਅਤੇ ਧੂੰਆਂ ਨਿਕਲਦਾ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਜੇ ਸ਼ਿਫਟ ਸ਼ੁਰੂ ਵੀ ਨਹੀਂ ਹੋਈ ਸੀ ਕਿ ਠੇਕੇਦਾਰ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਮਜ਼ਦੂਰਾਂ ਨਾਲ ਮਿਲ ਕੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਅੱਗ ਤੇਜ਼ੀ ਨਾਲ ਫੈਕਟਰੀ ਅੰਦਰ ਫੈਲ ਗਈ। ਇਸ ਤੋਂ ਬਾਅਦ ਉਪਰਲੀ ਮੰਜ਼ਿਲ 'ਤੇ ਪਹੁੰਚ ਗਏ।
ਠੇਕੇਦਾਰਾਂ ਆਦਿ ਨੇ ਅੱਗ ਲੱਗਣ ਦੀ ਸੂਚਨਾ ਫੈਕਟਰੀ ਮਾਲਕਾਂ ਨੂੰ ਦਿੱਤੀ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫੈਕਟਰੀ ਲਈ ਰਵਾਨਾ ਹੋ ਗਏ। ਮਾਲਕ ਅਜੇ ਗੰਭੀਰ ਨੇ ਦੱਸਿਆ ਕਿ ਸ਼ੇਰਪੁਰ ਖੁਰਦ 'ਚ ਉਨ੍ਹਾਂ ਦੇ ਟਵਿਨਸ ਪੋਲੀਪੈਕ, ਵਿਜੇ ਗੰਭੀਰ ਦੀ ਜੀ.ਡੀ. ਇੰਟਰਪ੍ਰਾਈਜਿਜ਼ ਅਤੇ ਆਰਾਧਿਆ ਕ੍ਰਿਏਸ਼ਨ ਨਾਂ ਦੀ ਗੱਤੇ ਦੀ ਫੈਕਟਰੀ ਹੈ ਜਿੱਥੇ ਗੱਤੇ ਦੇ ਡੱਬੇ ਅਤੇ ਹੋਰ ਸਮੱਗਰੀ ਆਦਿ ਤਿਆਰ ਕੀਤੀ ਜਾਂਦੀ ਹੈ। ਉਸ ਨੂੰ ਸਵੇਰੇ ਕਰੀਬ ਸਾਢੇ ਅੱਠ ਵਜੇ ਠੇਕੇਦਾਰ ਦਾ ਫੋਨ ਆਇਆ ਕਿ ਫੈਕਟਰੀ ਨੂੰ ਅੱਗ ਲੱਗ ਗਈ ਹੈ। ਅੱਗ 'ਤੇ ਕਾਬੂ ਪਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਅਤੇ ਸਾਰੇ ਮਜ਼ਦੂਰ ਬਾਹਰ ਚਲੇ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਸਾਰਾ ਇਲਾਕਾ ਕਾਲੇ ਧੂੰਏਂ ਦੇ ਬੱਦਲਾਂ ਨਾਲ ਭਰ ਗਿਆ। ਖਤਰੇ ਨੂੰ ਦੇਖਦੇ ਹੋਏ ਨੇੜਲੇ ਫੈਕਟਰੀ ਮਾਲਕਾਂ ਨੇ ਵੀ ਆਪਣੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ।

