ਅਬੋਹਰ : ਪੰਜਾਬ ਦੇ ਅਬੋਹਰ ਜ਼ਿਲੇ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸ਼ਾਮ ਇੱਥੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ। ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦਕਿ ਸੱਪ ਦੀ ਮੌਤ ਹੋ ਗਈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਇਲਾਜ ਅਧੀਨ ਪਿੰਡ ਬੁਰਜ ਮੁਹਾਰ ਵਾਸੀ ਸ਼ੰਕਰ ਲਾਲ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਖੇਤ 'ਚ ਟੈਂਕੀ 'ਚ ਸਪਰੇਅ ਭਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਸੱਪ 'ਤੇ ਆ ਗਿਆ। ਪੈਰ ਰੱਖਣ 'ਤੇ ਗੁੱਸੇ 'ਚ ਆ ਕੇ ਸੱਪ ਨੇ ਉਸ ਦੇ ਪੈਰ ਨੂੰ ਡੰਗ ਲਿਆ। ਉਸ ਨੇ ਤੁਰੰਤ ਸੱਪ ਤੋਂ ਆਪਣਾ ਪੈਰ ਹਟਾਇਆ ਤਾਂ ਦੇਖਿਆ ਕਿ ਸੱਪ ਥੋੜ੍ਹੀ ਦੂਰ ਜਾ ਕੇ ਮਰ ਗਿਆ। ਆਸ-ਪਾਸ ਦੇ ਲੋਕਾਂ ਨੇ ਮਰੇ ਹੋਏ ਸੱਪ ਨੂੰ ਬੋਤਲ ਵਿੱਚ ਬੰਦ ਕਰਦਿੱਤਾ ਤੇ ਸ਼ੰਕਰ ਲਾਲ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਲੋਕ ਹੁਣੇ ਹੀ ਬੋਤਲਬੰਦ ਸੱਪ ਨੂੰ ਹਸਪਤਾਲ ਲੈ ਕੇ ਆਏ ਸਨ। ਸ਼ੰਕਰ ਲਾਲ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ ਬਿਲਕੁਲ ਠੀਕ ਹੈ। ਸੱਪ ਦੇ ਡੰਗਣ ਨਾਲ ਸੱਪ ਦੇ ਹੀ ਮਰਨ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

